Home / Punjabi News / ਆਸਟ੍ਰੇਲੀਅਨ ਪੁਲਸ ਨੇ ਵੱਖ-ਵੱਖ ਮਾਮਲਿਆਂ ‘ਚ ਨੱਪੇ ਚਾਰ ਭਾਰਤੀ

ਆਸਟ੍ਰੇਲੀਅਨ ਪੁਲਸ ਨੇ ਵੱਖ-ਵੱਖ ਮਾਮਲਿਆਂ ‘ਚ ਨੱਪੇ ਚਾਰ ਭਾਰਤੀ

ਆਸਟ੍ਰੇਲੀਅਨ ਪੁਲਸ ਨੇ ਵੱਖ-ਵੱਖ ਮਾਮਲਿਆਂ ‘ਚ ਨੱਪੇ ਚਾਰ ਭਾਰਤੀ

ਸਿਡਨੀ— ਬਹੁਤ ਸਾਰੇ ਭਾਰਤੀ ਨੌਜਵਾਨ ਵਿਦੇਸ਼ ‘ਚ ਚੰਗਾ ਨਾਮਣਾ ਖੱਟਣ ਅਤੇ ਚੰਗੇ ਭਵਿੱਖ ਲਈ ਜਾਂਦੇ ਹਨ ਪਰ ਕਈ ਵਾਰ ਕੁਝ ਲੋਕ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਕਿ ਆਪਣੇ ਪਰਿਵਾਰ ਸਮੇਤ ਸਾਰੇ ਭਾਈਚਾਰੇ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੇ ਹਨ। ਆਸਟ੍ਰੇਲੀਆ ਦੀ ਪੁਲਸ ਹੱਥ 4 ਅਜਿਹੇ ਭਾਰਤੀ ਲੱਗੇ ਹਨ ਜੋ ਵੱਖ-ਵੱਖ ਦੋਸ਼ਾਂ ਤਹਿਤ ਦੋਸ਼ੀ ਹਨ।
ਕਾਰ ਨਾਲ ਔਰਤ ਨੂੰ ਦਰੜਣ ਦਾ ਕੇਸ—
ਸੰਦੀਪ ਸਿੰਘ ਨਾਂ ਦੇ ਨੌਜਵਾਨ ‘ਤੇ ਇਕ ਔਰਤ ਨੂੰ ਦਰੜਣ ਦੇ ਦੋਸ਼ ਲੱਗੇ ਹਨ। 27 ਨਵੰਬਰ, 2018 ਨੂੰ ਉਸ ਦੀ ਕਾਰ ਹੇਠ ਇਕ ਔਰਤ ਆ ਗਈ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਇਸੇ ਦੋਸ਼ ਤਹਿਤ ਪੁਲਸ ਨੇ ਸੰਦੀਪ ਨੂੰ ਕਾਬੂ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੰਦੀਪ ਆਸਟ੍ਰੇਲੀਆ ਛੱਡਣ ਦੀ ਤਿਆਰੀ ‘ਚ ਸੀ ਪਰ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਮਾਮਲੇ ‘ਚ ਅਗਲੀ ਸੁਣਵਾਈ 6 ਫਰਵਰੀ ਨੂੰ ਹੋਣੀ ਹੈ।
ਰੀਅਲ ਅਸਟੇਟ ਕਾਰੋਬਾਰੀ ਨੇ ਕੀਤਾ ਘੁਟਾਲਾ—
ਆਸਟ੍ਰੇਲੀਆ ‘ਚ ਰਹਿ ਰਿਹਾ ਜਤਿੰਦਰ ਸਿੰਘ ਸਹੋਤਾ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਸੀ ਪਰ ਉਸ ਨੇ ਘੁਟਾਲਾ ਕੀਤਾ ਅਤੇ ਹੁਣ ਆਸਟ੍ਰੇਲੀਅਨ ਅਦਾਲਤ ਨੇ ਉਸ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਵਲੋਂ ਉਸ ਨੂੰ ਲਗਭਗ 46 ਲੱਖ ਰੁਪਏ (93,000 ਆਸਟ੍ਰੇਲੀਅਨ ਡਾਲਰ) ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। ਇਹ ਹੀ ਨਹੀਂ ਹੁਣ ਉਹ 7 ਸਾਲਾਂ ਤਕ ਕਾਰੋਬਾਰ ਨਹੀਂ ਕਰ ਸਕੇਗਾ। ਜਾਣਕਾਰੀ ਮੁਤਾਬਕ ਉਸ ਨੇ 2016-17 ਦੌਰਾਨ ਇਕ ਖਰੀਦਦਾਰ ਦੀ ਬਿਆਨਾ ਰਕਮ ਹੀ ਹੜੱਪ ਲਈ ਸੀ, ਜਿਸ ਦੇ ਬਦਲੇ ਹੁਣ ਉਸ ਨੂੰ ਭਾਰੀ ਜ਼ੁਰਮਾਨਾ ਲੱਗਾ ਹੈ।
ਜੋਤਸ਼ੀ ‘ਤੇ ਨਾਬਾਲਗ ਕੁੜੀ ਨਾਲ ਛੇੜਛਾੜ ਦੇ ਦੋਸ਼—
ਆਸਟ੍ਰੇਲੀਆ ‘ਚ ਰਹਿ ਰਹੇ 31 ਸਾਲਾ ਜੋਤਸ਼ੀ ਅਰਜਨ ਮਨੀਅੱਪਾ ‘ਤੇ ਦੋਸ਼ ਲੱਗਾ ਹੈ ਕਿ ਉਸ ਨੇ ਇਕ ਨਾਬਾਲਗ ਕੁੜੀ ਨਾਲ ਛੇੜਛਾੜ ਕੀਤੀ। ਜੋਤਸ਼ੀ ਹੋਣ ਕਾਰਨ ਕੁੜੀ ਆਪਣਾ ਭਵਿੱਖ ਜਾਨਣ ਲਈ ਉਸ ਦੇ ਸੰਪਰਕ ‘ਚ ਆਈ ਸੀ ਪਰ ਉਹ ਉਸ ‘ਤੇ ਮੈਲੀ ਅੱਖ ਰੱਖਦਾ ਸੀ। ਅਰਜਨ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਨੂੰ ਉਸ ਸਮੇਂ ਹਿਰਾਸਤ ‘ਚ ਲਿਆ ਜਦ ਉਹ ਸਿੰਗਾਪੁਰ ਭੱਜਣ ਦੀ ਤਿਆਰੀ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਹ 14 ਸਾਲਾ ਬੱਚੀ ਨੂੰ ਗਲਤ ਰਾਹ ‘ਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕੁੜੀ ਨੇ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕੀਤੀ।
ਭਾਰਤੀ ਪੁਲਸ ਅਫਸਰ ‘ਤੇ ਦੋਸ਼—
ਵਿਕਟੋਰੀਆ ‘ਚ ਪੁਲਸ ਅਫਸਰ ਗੋਪੀ ਨਾਥ ਨੇ ਅਜਿਹੀ ਗਲਤ ਹਰਕਤ ਕੀਤੀ ਕਿ ਜਿਸ ਨੇ ਉਸ ਦਾ ਭਵਿੱਖ ਜੇਲ ਦੀਆਂ ਸਲਾਖਾਂ ਪਿੱਛੇ ਰਹਿਣ ਦਾ ਬਣਾ ਦਿੱਤਾ। ਗੋਪੀ ਨਾਥ ਨੇ ਇਕ ਨਾਬਾਲਗ ਕੁੜੀ ਨੂੰ ਇਤਰਾਜ਼ਯੋਗ ਤਸਵੀਰਾਂ ਅਤੇ ਸੰਦੇਸ਼ ਭੇਜੇ। ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਨੇ ਇਕ ਵਾਰ ਨਾਬਾਲਗ ਕੁੜੀ ਦੀ ਮਦਦ ਕੀਤੀ ਸੀ ਅਤੇ ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨਾਲ ਗੱਲਬਾਤ ਕਰਦੇ ਰਹੇ ਪਰ ਇਸ ਦੌਰਾਨ ਗੋਪੀਨਾਥ ਨੇ ਕੁੜੀ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ। ਇਸ ਸਭ ਦੇ ਸਬੂਤ ਅਦਾਲਤ ‘ਚ ਪੇਸ਼ ਹੋਏ। ਅਦਾਲਤ ਨੇ ਉਸ ਨੂੰ 10 ਮਹੀਨਿਆਂ ਦੀ ਜੇਲ੍ਹ ਸੁਣਾਈ ਅਤੇ ਗੋਪੀ ਨਾਥ ਨੇ ਆਪਣੀ ਨੌਕਰੀ ਤੋਂ ਵੀ ਹੱਥ ਧੋ ਲਏ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …