Home / Punjabi News / ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈੱਸਟ

‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈੱਸਟ

‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈੱਸਟ

ਚੰਡੀਗੜ੍ਹ /ਮੋਹਾਲੀ – ਨਸ਼ਿਆਂ ਦੀ ਰੋਕਥਾਮ ਦੇ ਨਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੁਲਸ ਸਮੇਤ ਸਰਕਾਰੀ ਮਹਿਕਮਿਆਂ ‘ਚ ‘ਡੋਪ ਟੈਸਟ’ ਲਾਜ਼ਮੀ ਕਰਨ ਦੇ ਹੁਕਮ ‘ਤੇ ਤੁਰੰਤ ਪਹਿਲ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵੀਰਵਾਰ ਸਵੇਰੇ ਹੀ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਪਹੁੰਚ ਡੋਪ ਟੈਸਟ ਲਈ ਖ਼ੂਨ ਦੇ ਨਮੂਨੇ ਦੇ ਦਿੱਤੇ।
ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਹਰ ਸਕਾਰਾਤਮਿਕ ਕਦਮ ਦਾ ਬਤੌਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਾਥ ਦੇਵੇਗੀ, ਪਰੰਤੂ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਡੋਪ ਟੈਸਟ’ ਦੀ ਸ਼ੁਰੂਆਤ ਖ਼ੁਦ ਅਤੇ ਆਪਣੇ ਮੰਤਰੀਆਂ, ਵਿਧਾਇਕਾਂ ਤੋਂ ਕਰਦੇ।
ਅਮਨ ਅਰੋੜਾ ਨੇ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਅੱਜ ਜਨਤਾ ਦੇ ਨੁਮਾਇੰਦਿਆਂ ਨੂੰ ‘ਡੋਪ ਟੈਸਟ’ ਵਰਗੀਆਂ ਨੈਤਿਕ ਚੁਨੌਤੀਆਂ ‘ਚੋ ਲੰਘਣਾ ਪੈ ਰਿਹਾ ਹੈ, ਕਿਉਂਕਿ ਜਨਤਾ ਦੀ ਨੁਮਾਇੰਦਗੀ ਕਰਨ ਵਾਲੇ ਸਿਆਸੀ ਲੀਡਰਾਂ ਪੁਲਸ ਅਫ਼ਸਰਾਂ-ਕਰਮਚਾਰੀਆਂ ਦਾ ਇੱਕ ਵੱਡਾ ਹਿੱਸਾ ਡਰੱਗ ਮਾਫ਼ੀਆ ਨਾਲ ਰਲ ਗਿਆ ਹੈ, ਨਤੀਜਣ ਅੱਜ ਤਬਾਹ ਹੋਣ ਕਿਨਾਰੇ ਪੁੱਜ ਗਿਆ ਹੈ। ਬੇਰੁਜ਼ਗਾਰੀ ਅਤੇ ਬੇਉਮੀਦੀ ਦੇ ਮਾਰੇ ਨੌਜਵਾਨ ਗੱਭਰੂ ਆਸਾਨੀ ਨਾਲ ਉਪਲਬਧ ਨਸ਼ਿਆਂ ਦੀ ਓਵਰ ਡੋਜ਼ ਨਾਲ ਅਣਹੋਣੀ ਮੌਤ ਮਰੇ ਲੱਭਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਮੌਕੇ ਸ੍ਰੀ ਗੁਟਕਾ ਸਾਹਿਬ ਹੱਥ ‘ਚ ਫੜ੍ਹ ਕੇ ਨਸ਼ਿਆਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨੂੰ 4 ਹਫ਼ਤਿਆਂ ਦੇ ਅੰਦਰ ਖ਼ਤਮ ਕਰਨ ਅਤੇ ਜੇਲ੍ਹਾਂ ‘ਚ ਸੁੱਟਣ ਦਾ ਵਾਅਦਾ ਕਰਨ ਦੇ ਬਾਵਜੂਦ ਸਵਾ ਸਾਲ ਕੋਈ ਕਦਮ ਨਹੀਂ ਉਠਾਇਆ, ਪਰੰਤੂ ਵਿਰੋਧੀ ਧਿਰ ਵਜੋਂ ‘ਆਪ’ ਅਤੇ ਲੋਕ ਰੋਹ ਦੇ ਅੱਗੇ ਝੁਕਦਿਆਂ ਕੁੱਝ ਕਦਮ ਉਠਾਉਣ ਲਈ ਮਜਬੂਰ ਹੋਣਾ ਪਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦੀ ਜੜ੍ਹ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਡਰੱਗ ਮਾਫ਼ੀਆ ‘ਚ ਸ਼ਾਮਲ ਸਿਆਸਤਦਾਨਾਂ, ਪੁਲਸ ਅਫ਼ਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਦੇ ਗਿਰੋਹ ਨੂੰ ਤਹਿਸ-ਨਹਿਸ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਚਾਇਤ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਹਰੇਕ ਲੋਕ ਨੁਮਾਇੰਦੇ ਨੂੰ ਨੈਤਿਕਤਾ ਦੇ ਆਧਾਰ ‘ਤੇ ‘ਡੋਪ ਟੈਸਟ’ ਕਰਾਉਣ ਦੀ ਅਪੀਲ ਕਰਦੇ ਹਨ, ਤਾਂ ਕਿ ਪੁਲਿਸ ਵਾਂਗ ਸਿਆਸਤਦਾਨਾਂ ਤੋਂ ਵੀ ਉੱਠ ਚੁੱਕੇ ਲੋਕ ਵਿਸ਼ਵਾਸ ਨੂੰ ਮੁੜ ਬਹਾਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਾਰੇ ਵਿਧਾਇਕ ਮੰਤਰੀ, ਸਿਆਸਤਦਾਨ ਤੇ ਅਫ਼ਸਰ ਇਹ ਪ੍ਰਣ ਕਰਨ ਕਿ ਉਹ ਕਿਸੇ ਵੀ ਨਸ਼ਾ ਸਮਗਲਰ ਨੂੰ ਕਾਨੂੰਨ ਤੋਂ ਬਚਾਉਣ ਲਈ ਪੁਲਿਸ ਜਾ ਪ੍ਰਸ਼ਾਸਨਾਂ ‘ਤੇ ਦਬਾਅ ਨਹੀਂ ਪਾਉਣਗੇ ਅਤੇ ਨਾ ਹੀ ਕੋਈ ਹੋਰ ਸਿੱਧੀ-ਅਸਿੱਧੀ ਕੋਸ਼ਿਸ਼ ਕਰਨਗੇ, ਗੁਨਾਹਗਾਰ ਬੇਸ਼ੱਕ ਉਨ੍ਹਾਂ ਦਾ ਆਪਣਾ ਸਕਾ-ਸੰਬੰਧੀ ਵੀ ਕਿਉਂ ਨਾ ਹੋਵੇ।
ਅਰੋੜਾ ਨੇ ਕਿਹਾ ਕਿ ਜਦ ਸਰਕਾਰ ਨਸ਼ਿਆਂ ਦੇ ਮਾਫ਼ੀਆ ਨੂੰ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਖ਼ਤਮ ਕਰਨ ਅਤੇ ਪ੍ਰਭਾਵਸ਼ਾਲੀ ਲੋਕ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੀ ਥਾਂ ਸਜ਼ਾ ਦਿਵਾਉਣ ਵਾਲੇ ਇਰਾਦੇ ਨਹੀਂ ਬਣਨਗੇ, ਉਨ੍ਹਾਂ ਚਿਰ ਨੇਤਾਵਾਂ ਵੱਲੋਂ ਡੋਪ ਟੈਸਟ ਰਾਹੀਂ ਬਟੋਰੀਆਂ ਗਈਆਂ ਅਖ਼ਬਾਰੀ ਸੁਰਖ਼ੀਆਂ ਨਾਲ ਪੰਜਾਬ ‘ਚੋਂ ਨਸ਼ਾ ਖ਼ਤਮ ਨਹੀਂ ਹੋਵੇਗਾ।

Check Also

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ …