Home / Punjabi News / ਅਟਾਰੀ: ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ

ਅਟਾਰੀ: ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ

ਦਿਲਬਾਗ ਸਿੰਘ ਗਿੱਲ

ਅਟਾਰੀ, 15 ਨਵੰਬਰ

ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਮਨਾਉਣ ਬਾਅਦ ਅੱਜ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਿਆ। ਜਥੇ ਦੀ ਵਤਨ ਵਾਪਸੀ ਉਪਰੰਤ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਇਕਬਾਲ ਸਿੰਘ ਤੇ ਕਰਨੈਲ ਸਿੰਘ ਮੰਡ ਜਥਾ ਆਗੂ ਖਾਲੜਾ ਮਿਸ਼ਨ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਅੱਗੇ ਤੋਂ ਜਥਾ ਰੇਲ ਗੱਡੀ ਰਾਹੀਂ ਪਾਕਿਸਤਾਨ ਭੇਜਿਆ ਜਾਵੇ।

ਉਨ੍ਹਾਂ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੇ ਨਨਕਾਣਾ ਸਾਹਿਬ ਸਥਿਤ ਸਥਾਨਕ ਗੁਰਦੁਆਰਿਆਂ ਦੇ ਹੀ ਦਰਸ਼ਨਾਂ ਤੋਂ ਇਲਾਵਾ ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਸਮੇਤ ਸਥਾਨਕ ਗੁਰਦੁਆਰੇ), ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ) ਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭਾਰਤ ਸਮੇਤ ਪਾਕਿਸਤਾਨ ਦੇ ਸੂਬਾ ਸਿੰਧ, ਬਲੋਚਿਸਤਾਨ, ਪਿਸ਼ਾਵਰ ਅਤੇ ਪਾਕਿਸਤਾਨੀ ਪੰਜਾਬ ਸਮੇਤ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਈਆਂ। ਭਾਈ ਮਰਦਾਨਾ ਯਾਦਗਾਰੀ ਸੁਸਾਇਟੀ ਦੇ ਆਗੂ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਇਵੈਂਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸਈਅਦ ਸਲੀਮ ਅਤੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਹਰ ਮਹੀਨੇ ਇੱਕ ਲੱਖ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਗਿਆ ਦਿੱਤੀ ਜਾਵੇ, ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਫੀਸ ਪੰਜ ਡਾਲਰ ਕੀਤੀ ਜਾਵੇ। ਹਫ਼ਤਾ ਪਹਿਲਾਂ ਵੀਜ਼ੇ ਦਿੱਤੇ ਜਾਣ ਤੇ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਵੀਜ਼ਾ ਅਟਾਰੀ ਸਰਹੱਦ ‘ਤੇ ਦਿੱਤਾ ਜਾਵੇ। ਮੱਧ ਪ੍ਰਦੇਸ਼ ਦੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਪ੍ਰਣਾਲੀ ਖਤਮ ਕੀਤੀ ਜਾਵੇ ਤੇ ਸ਼ਰਧਾਲੂਆਂ ਨੂੰ ਸਿੱਧਾ ਦਾਖਲਾ ਦਿੱਤਾ ਜਾਵੇ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …