Home / Community-Events / ਜ਼ੋਰਾ ਸਿੰਘ ਝੱਜ਼

ਜ਼ੋਰਾ ਸਿੰਘ ਝੱਜ਼

ਜ਼ੋਰਾ ਸਿੰਘ ਝੱਜ਼

Untitledਮੈਂ ਸ਼ਾਪਿੰਗ ਮਾਲ’ਚ ਗਿਆ ਤਾਂ ਅੱਗੇ ਢਿਲੋਂ ਗਿੱਲ ਤੇ ਪੰਜ ਸੱਤ ਜਾਣੇ ਹੋਰ, ਫੁਡ ਕੋਰਟ’ਚ ਬੈਠੇ ਕਾਫੀ ਦੀਆਂ ਚੁਸਕੀਆਂ ਲੈਂਦੇ, ਪਾਲੇਟਿਕਸ ਦੀਆਂ ਗੱਲਾਂ’ਚ ਉਲਝੇ ਹੋਏ ਮੈਂਨੂੰ ਦੇਖ ਕੇ ਕਹਿਣ ਲੱਗੇ ਕਿ ਲਉ ਝੱਜ਼ ਆ ਗਿਆ ਹੁਣ ਗੱਲ ਬਣ ਗਈ। ਮੈਂ ਕਿਹਾ ਅਜਿਹੀ ਕਿਹੜੀ ਗੱਲ ਆ ਜਿਹੜੀ ਮੇਰੇ ਆਉਣ ਨਾਲ ਬਣ ਗਈ। ਢਿੱਲੋਂ ਕਹਿਣ ਲੱਗਿਆ ਕਿ ਦੋ ਹਫਤੇ ਹੋ ਗਏ, ਨਾਂ ਆਪ ਆਇਆ ਤੇ ਨਾਂ ਫੋਨ ਚੱਕਦਾ ਸੀ, ਕਿੱਥੇ ਗਾਇਬ ਹੋ ਗਿਆ ਸੀ, ਸਾਡਾ ਤਾਂ ਬਣਾਇਆ ਹੋਇਆ ਪਲੈਨ ਹੀ ਖੂਹ’ਚ ਪੈਣ ਲੱਗਾ ਸੀ। ਮੈਂ ਪੁਛਿਆ ਕਿ ਅਜਿਹਾ ਕਿਹੜਾ ਪਲੈਨ ਸੀ ਜਿਹੜਾ ਮੇਰੀ ਗੈਰ-ਹਾਜਰੀ ਕਾਰਨ ਖੂਹ’ਚ ਪੈਣ ਲੱਗਾ ਸੀ। ਗਿੱਲ ਕਹਿੰਦਾ ਅਸੀਂ ਦੋ ਹਫਤਿਆਂ ਤੋਂ ਭੱਜ ਨੱਠ ਕਰ ਰਹੇ ਹਾਂ, ਇਹ ਪੁਛਦਾ ਕਿਹੜਾ ਪਲੈਨ ਖੂਹ’ਚ ਪੈਂਦਾ ਸੀ, ਤੈਂਨੂੰ ਨੀ ਪਤਾ ਕਿ ਫੈਡਰਲ ਇਲੈਕਸ਼ਨਾਂ ਦੀ ਤਾਰੀਖ ਐਲਾਨੀ ਗਈ ਐ। ਆਪਣੀ ਰਾਈਡਿੰਗ ਤੋਂ ਆਪਣੀ ਪਾਰਟੀ ਦਾ ਕੋਈ ਉਮੀਦਵਾਰ ਅੱਗੇ ਨੀ ਆਉਂਦਾ। ਅਸੀਂ ਸੋਚਿਆ ਕਿ ਉਮੀਦਵਾਰ ਤੈਂਨੂੰ ਬਣਾਈਏ। ਮੈਂ ਕਿਹਾ ਸੰਧੂ ਨੂੰ ਉਮੀਦਵਾਰ ਬਣਾਉ, ਹਰ ਰੋਜ ਸਾਰੀ ਦੁਨੀਆਂ ਦੀ ਪਾਲੇਟਿਕਸ ਦੀ ਖੱਲ ਉਧੇੜਦਾ ਰਹਿੰਦਾ, ਕਿਸੇ ਨੂੰ ਪ੍ਰਾਈਮ ਮਨਿਸਟਰ ਬਣਾਉਂਦਾ, ਕਿਸੇ ਨੂੰ ਪ੍ਰੈਜੀਡੈਂਟ ਦੀ ਕੁਰਸੀ ਤੋਂ ਲਾਹੁੰਦਾ। ਮੈਂ ਤਾਂ ਐਨਾ ਪੜਿਆ ਲਿਖਿਆ ਵੀ ਨੀ ਤੇ ਨਾ ਹੀ ਪਾਲੇਟਿਕਸ ਦੀ ਬਹੁੱਤੀ ਜਾਣਕਾਰੀ ਆ, ਨਾਲੇ ਪਹਿਲਾਂ ਹੀ ਆਪਣੀ ਕਮਿਊਨਿਟੀ ਚੋਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ’ਚ ਉੱਤਰੇ ਹੋਏ ਨੇ, ਇਹ ਚੰਗਾ ਨੀ ਲੱਗਦਾ। ਨਾਲੇ ਇਲੈਕਸਨ ਪੈਸੇ ਧੇਲੇ ਤੋਂ ਬਗੈਰ ਨੀ ਲੜੀ ਜਾਂਦੀ। ਰੰਧਾਵਾ ਬੋਲਿਆ ਐਵੇਂ ਝੇਡਾਂ ਨਾ ਕਰ, ਦੂਜਿਆਂ ਨੇ ਕਿਹੜਾ ਪੀ ਐਚ ਡੀਆਂ ਕੀਤੀਆਂ ਹੋਈਆਂ ਨੇ, ਦਸ ਦਸ ਬਾਰਾਂ ਪੜ੍ਹੇ ਹੋਏ ਨੇ। ਘਬਰਾਉਣ ਵਾਲੀ ਕੋਈ ਗੱਲ ਨੀ, ਅੰਦਰ ਖਾਤੇ ਇਲੈਕਸ਼ਨ ਫੰਡ ਦੇਣ ਵਾਲੇ ਬਹੁਤ ਨੇ, ਤੂੰ ਟਿੰਡ’ਚ ਕਾਨਾ ਜਰੂਰ ਪਾ, ਸਮੇ ਦਾ ਕੋਈ ਪਤਾ ਨੀਂ ਹੁੰਦਾ, ਪ੍ਰੋਵਿੰਸੀਅਲ ਇਲੈਕਸ਼ਨ’ਚ ਦੇਖਿਆ ਨੀ, ਡੂੰਘੀਆਂ ਜੜ੍ਹਾਂ ਵਾਲੇ ਸਿਆਸੀ ਬੋਹੜ ਕਿਵੇਂ ਉਖਾੜ ਕੇ ਮਾਰੇ।
ਢਿਲੋਂ ਕਹਿੰਦਾ ਝੱਜ਼ ਗੱਲ ਸੁਣ, ਇਲੈਕਸ਼ਨ’ਚ ਮੇਨ ਖਰਚਾ ਤਾਂ ਸਾਈਨ ਬੋਰਡਾਂ ਅਤੇ ਦਾਰੂ-ਸਿੱਕੇ ਦਾ ਹੁੰਦਾ। ਸਾਈਨ ਬੋਰਡ ਤੇ ਹੈਂਡਆਊਟਸ ਛਾਪਣ ਲਈ ਬਰੇਨ-ਗੋ ਕਾਪੀ ਵਾਲੇ ਗੁਰੀ ਨੇ ਹਾਂਮੀ ਭਰ ਲਈ ਆ, ਅੱਧੇ ਪਚੱਧੇ ਪੈਸੇ ਦੇ ਦਿਆਂਗੇ। ਫੰਡ ਰੇਜਿੰਗ ਵਾਸਤੇ ਆਰ ਵੀ ਬੈਂਕੁਇਟ ਹਾਲ ਵਾਲੇ ਚੀਮਾਂ ਸਾਹਿਬ ਨੇ ਆਫਰ ਕੀਤਾ ਤੇ ਉਸ ਦਿਨ ਖਾਣਾ ਵੀ ਉਹੀ ਦੇਣਗੇ। ਡਰਿੰਕ ਵਾਸਤੇ ਸਪੇਸ ਲੀਕੁਰ ਸਟੋਰ ਵਾਲਾ ਚਾਚਾ ਕਹਿੰਦਾ ਭਤੀਜ ਕੋਈ ਗੱਲ ਈ ਨੀ, ਪੂਰੀ ਸੇਵਾ ਕਰਾਂਗੇ। ਕੰਮਪੇਨ ਆਫਿਸ ਲਈ ਪੱਮੀ ਹੋਣਾਂ ਦੇ ਪਲਾਜੇ’ਚ ਇੱਕ ਪੋਰਸ਼ਨ ਖਾਲੀ ਪਿਆ, ਉਹ ਮਿਲ ਜਾਣਾ। ਤੂੰ ਆਪਣੀ ਚੋਣ ਮੈਨੀਫਿਸਟੋ ਦੀ ਤਿਆਰੀ ਕਰ। ਕੋਲ ਬੈਠਾ ਮਾਂਗਟ ਬੋਲਿਆ ਕਿ ਇਲੈਕਸ਼ਨ ਕੰਪੇਨ ਨੂੰ ਗਰਮ ਕਰਨ ਲਈ ਆਪਾਂ ਦੋ ਚਾਰ ੰਿੲੰਡੀਆ ਵਾਲੇ ਕਾਂਗਰਸੀ ਅਤੇ ਅਕਾਲੀ ਨੇਤਾ ਸੱਦ ਲੈਂਨੇ ਆਂ, ਟੋਰੰਟੋ ਤੇ ਵੈਨਕੂਵਰ ਵਿੱਚ ਬਥੇਰੇ ਡੇਰੇ ਲਾਈ ਬੈਠੇ ਆ, ਸਿਰਫ ਏਅਰ ਟਿਕਟ ਭੇਜਣੇ ਪੈਣੇ ਆ, ਦੇਖਿਉ ਕਾਂਗਰਸੀ ਅਤੇ ਅਕਾਲੀ ਪੱਖੀ ਆਪਣੇ ਨਾਲ ਕਿਵੇਂ ਜੁੜਦੇ ਆ। ਸ਼ਰਮਾ ਕਹਿੰਦਾ ਉਏ ਮਾਂਗਟਾ ਤੈਂ ਇੰਡੀਆ ਵਾਲੀ ਪਾਲੇਟਿਕਸ ਦਾ ਗੰਦ ਏਥੇ ਵੀ ਪਵਾਉਣਾ, ਮੁਰਦਾ ਜਦੋਂ ਬੋਲੂ, ਕੱਫਣ ਪਾੜੂ। ਜਰੂਰੀ ਖਰਚਿਆਂ ਲਈ ਪੈਸੇ ਕੱਠੇ ਹੋ ਜਾਣ ਉਹ ਥੋੜਾ, ਇਹ ਹੋਰ ਉਤੋਂ ਚੀ ਨਵੀਂ ਗੱਲ ਸੁਣਾਉਂਦਾ।ਜੇ ਉਨਾਂ ਦਾ ਬਹੁਤਾ ਹੇਜ ਮਾਰਦਾ ਤਾਂ ਆਪਣੀ ਜੇਬ ਚੋਂ ਖਰਚਾ ਕਰਕੇ ਸੱਦ ਲੈ। ਆਪ ਤਾਂ ਬੱਸਾਂ’ਚ ਧੱਕੇ ਖਾਂਦਾ ਰਹਿਣੈ, ਉਨਾਂ ਨੂੰ ਬੀ ਐਮ ਡਵਲੂਆਂ’ਚ ਕਿਵੇਂ ਬਠਾਏਂਗਾ। ਤੇ ਉਤਲਾ ਖਰਚਾ। ਮਾਂਗਟ ਨੀਵੀਂ ਪਾਕੇ ਬਹਿ ਗਿਆ ਤੇ ਕਹਿੰਦਾ ਜਿਵੇਂ ਤੁਹਾਡੀ ਮਰਜੀ ਉਵੇਂ ਕਰੋ, ਮੈਂ ਤਾਂ ਸਿਰਫ ਸਲਾਹ ਹੀ ਦਿੰਦਾ ਸੀ।
ਸਾਰੇ ਸੱਜਣਾ ਮਿਤਰਾਂ ਦੇ ਬਾਰ ਬਾਰ ਕਹਿਣ ਤੇ ਇਲੈਕਸ਼ਨ ਲੜਨ ਲਈ ਹਾਮੀ ਭਰ ਲਈ। ਪ੍ਰੈਸ ਰਲੀਜ ਕੀਤੇ ਗਏ ਅਤੇ ਫੰਡ ਰੇਜਿੰਗ ਲਈ ਆਉਣ ਵਾਲੇ ਸ਼ੁਕਰਵਾਰ ਦਾ ਦਿਨ ਨੀਯਤ ਕੀਤਾ ਗਿਆ। ਸ਼ੁਕਰਵਾਰ ਵਾਲੇ ਦਿਨ ਸ਼ਾਮ ਨੂੰ ਛੇ ਕੁ ਬਜੇ ਜਦ ਆਰ ਵੀ ਬੈਕੁਇਟ ਹਾਲ ਵਿੱਚ ਪਹੁੰਚਿਆ, ਤਾਂ ਦੇਖਿਆ ਕਿ ਚੀਮਾਂ ਸਾਹਿਬ ਨੇ ਹਾਲ ਦੁਲਹਨ ਵਾਂਗ ਸਜਾਇਆ ਹੋਇਆ ਸੀ, ਫੂਡ ਕਾਊਂਟਰ ਤੇ ਰੋਸਟਿਡ ਚਿਕਨ ਤੇ ਫਿਸ ਪਕੌੜਿਆਂ ਦੀਆਂ ਟਰੇਆਂ ਸਜਾਈਆਂ ਜਾ ਰਹੀਆਂ ਸਨ। ਬਾਰ ਕਾਉਂਟਰ ਤੇ ਚਾਚੇ ਨੇ ਸਕਾਚ,ਰਾਈ  ਅਤੇ ਬੋਡਕਾ ਦੀਆਂ ਬੋਤਲਾਂ ਦੀ ਲਾਈਨ ਲਾਈ ਹੋਈ ਸੀ ਅਤੇ ਬਾਰ-ਟੈਂਡਰ ਬੀਬੀ ਬੀਅਰ ਦੇ ਕੇਨ ਬਰਫ’ਚ ਲਾ ਰਹੀ ਸੀ। ਦੇਖਦੇ ਹੀ ਦੇਖਦੇ ਹਾਲ’ਚ ਗਹਿਮਾਂ ਗਹਿਮੀ ਹੋ ਗਈ। ਜਿਆਦਾ ਭੀੜ ਬਾਰ ਕਾਉਂਟਰ ਤੇ ਹੀ ਰਹੀ ਤੇ ਇਹ ਸਿਲ ਸਿਲਾ ਕੋਈ ਦੋ ਘੰਟੇ ਚਲਦਾ ਰਿਹਾ, ਚੂੰਡੀਆਂ ਹੋਈਆਂ ਹਡੀਆਂ ਅਤੇ ਬੀਅਰ ਦੇ ਖਾਲੀ ਕੇਨ ਟੇਬਲਾਂ ਦੀ ਸ਼ਾਨ ਸਨ।
ਸਟੇਜ ਸੈਕਟਰੀ ਸਹੋਤੇ ਨੇ ਮਾਈਕ ਫੜਿਆ ਤੇ ਕਹਿਣ ਲੱਗਾ ਕਿ ਸਾਥੀਉ ਤੁਹਾਨੂੰ  ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੀ ਰਾਈਡਿੰਗ ਤੋਂ ਇਲੈਕਸ਼ਨ ਲ਼ੜਨ ਲਈ ਝੱਜ਼ ਨੂੰ ਬੜੀ ਮੁਸ਼ਕਲ ਨਾਲ ਮਨਾਇਆ , ਸੋ ਤੁਹਾਡੇ ਹਰ ਤਰਾਂ ਦੇ ਸਹਿਯੋਗ ਦੀ ਲੋੜ ਹੈ, ਸੋ ਪੰਜ ਮਿੰਟ ਬਾਦ ਬਾਰ ਬੰਦ ਹੋ ਜਾਵੇਗੀ ਤਾਂ ਕਿ ਅਗਲਾ ਪ੍ਰੋਗਰਾਮ ਸ਼ੁਰੂ ਕਰ ਸਕੀਏ। ਅਨਾਉਂਸਮੈਂਟ ਹੁੰਦੇ ਸਾਰ ਬਾਰ ਕਾਉਂਟਰ ਤੇ ਫਿਰ ਭੀੜ ਲੱਗ ਗਈ ਤੇ ਸਟੇਜ ਸੈਕਟਰੀ ਬਾਰ ਬਾਰ ਕਹਿ ਰਿਹਾ ਸੀ ਕਿ ਸਾਥੀਉ ਆਪਣੇ ਆਪਣੇ ਟੇਬਲਾਂ ਤੇ ਬੈਠ ਜਾਉ ਤਾਂਕਿ ਆਪਾਂ ਆਪਣੇ ਕੈਂਡੀਡੇਟ ਦੇ ਵੀਚਾਰ ਸੁਣੀਏ ਤੇ ਫੰਡ ਰੇਜ ਕਰੀਏ।
ਮੇਰੇ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਕਿ ਇਲੈਕਸ਼ਨ ਸਟਰੈਟਜੀ ਕੀ ਹੋਣੀ ਚਾਹੀਦੀ ਆ। ਸਮੇਂ ਦੀ ਕੀ ਮੰਗ ਹੈ। ਇਸ ਤੋਂ ਬਾਦ ਮੈਂ ਸਟੇਜ ਤੇ ਆਕੇ ਪਹਿਲਾਂ ਤਾਂ ਇਸ ਫੰਕਸ਼ਨ’ਚ ਆਉਣ ਅਤੇ ਸਮੱਰਥਨ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰਾਂ ਵਾਰੇ ਬੋਲਣਾ ਸ਼ੁਰੂ ਕੀਤਾ।
ਸਾਰਿਆਂ ਤੋਂ ਪਹਿਲਾ ਮੁੱਦਾ ਤਾਂ ਫੈਮਲੀ ਕਲਾਸ ਤੇ ਲਾਈਆਂ ਗਈਆਂ ਰੋਕਾਂ ਨੂੰ ਹਟਾਉਣਾ ਤੇ ਸੁਪਰ ਵੀਜੇ ਨੂੰ ਬੰਦ ਕਰਨਾ।
ਕੁਦਰਤ ਵਲੋਂ ਆਇਲ ਸੈਂਡਜ ਕਨੇਡਾ ਨੂੰ ਇਕ ਵਰਦਾਨ ਹੈ, ਕਰੂਡ ਆਇਲ ਨਹੀਂ ਬੇਚਿਆ ਜਾਵੇਗਾ, ਏਥੇ ਅੱਪ-ਗਰੇਡਰ ਲਾਏ ਜਾਣਗੇ, ਬਾਈ ਪ੍ਰੋਡੱਕਟ ਵੇਚਣ ਲਈ ਏਸ਼ੀਆ ਦੇ ਮੁਲਕ ਇੱਕ ਚੰਗੀ ਮੰਡੀ ਹੈ।
ਇਹ ਠੀਕ ਹੈ ਕਿ ਹਿਊਮੈਨਟੇਰੀਅਨ ਗਰਾਂਉਂਡਸ ਤੇ ਕਨੇਡਾ ਨੂੰ ਕੁੱਝ ਸ਼ਰਨਾਰਥੀ ਲੈਣੇ ਚਾਹੀਦੇ ਹਨ, ਪਰ ਸ਼ਰਨਾਰਥੀ ਲਿਆਉਣ ਤੋਂ ਪਹਿਲਾਂ ਆਪਣੇ ਮੁਲਕ’ਚ ਬੇ-ਘਰਿਆਂ ਨੂੰ ਘਰ ਬਣਾਕੇ ਦਿੱਤੇ ਜਾਣਗੇ।
ਵੱਡੀਆਂ ਵੱਡੀਆਂ ਕਾਰਪੋਰੇਟਸ ਕੰਪਨੀਆਂ ਦੇ ਟੈਕਸ ਰੇਟ’ਚ ਵਾਧਾ ਕੀਤਾ ਜਾਵੇਗਾ ਅਤੇ ਛੋਟੇ ਬਿਜਨਿਸ ਨੂੰ ਟੈਕਸਾਂ ਤੋਂ ਕੁੱਝ ਛੋਟਾਂ ਦਿਤੀਆਂ ਜਾਣਗੀਆਂ।
ਰਾਅ-ਲੰਬਰ ਦੀ ਐਕਸਪੋਰਟ ਬੰਦ ਕਰਕੇ ਉਸ ਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਨ ਲਈ ਲੰਬਰ ਮਿਲਾਂ ਨੂੰ ਉੱਤਸਾਹਤ ਕੀਤਾ ਜਾਵੇਗਾ, ਇਸ ਨਾਲ ਰੈਵਨਿਊ ਜਿਆਦਾ ਆਵੇਗਾ ਅਤੇ ਅਨ-ਇਮਪਲਾਏਮੈਂਟ ਘਟੇਗੀ।
ਹਰ ਸੈਨੇਟਰ ਦੇ ਖਰਚਿਆਂ ਦੀ ਛਾਣ-ਬੀਣ ਕਰਵਾਈ ਜਾਵੇਗੀ। ਡੀਫਾਲਟਰ ਹੋਣ ਤੇ ਫਾਸਟ ਟਰੈਕ ਕੋਰਟ’ਚ ਮੁਕੱਦਮਾ ਚੱਲੇਗਾ ਅਤੇ ਬਣਦੀ ਸਜਾ ਮਿਲੇਗੀ।
ਕੁੱਝ ਦਹਾਕੇ ਪਹਿਲਾਂ ਲੜਾਕੂ ਹਵਾਈ ਜਹਾਜ ਦਾ ਬੰਦ ਕੀਤਾ ਗਿਆ ਨਿਰਮਾਣ ਫਿਰ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਜਹਾਜ ਨੇਵੀ ਨੂੰ ਦਿੱਤੇ ਜਾਣਗੇ ਕਿਉਂਕਿ ਸਾਡੇ ਪਾਣੀਆਂ ਦੇ ਬਾਰਡਰ ਬਹੁਤ ਲੰਬੇ ਚੌੜੇ ਨੇ ਤੇ ਇਨਾਂ ਦੀ ਸੁਰੱਖਿਆ ਬਹੁੱਤ ਜਰੂਰੀ ਹੈ।
ਕੈਨੇਡੀਅਨ ਫੋਰਸਿਜ ਨੂੰ ਯੂ ਐਨ ਉ ਦੇ ਪੀਸ ਮਿਸ਼ਨ ਤੇ ਹੀ ਦੂਸਰੇ ਮੁਲਕਾਂ ਵਿੱਚ ਭੇਜਿਆ ਜਾਵੇਗਾ, ਲੜਨ ਵਾਸਤੇ ਨਹੀਂ।
ਸੀਨੀਅਰਜ ਕੌਮ ਦਾ ਵਿਰਸਾ ਹਨ, ਮੁਲਕ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਇਨਾਂ ਦਾ ਬਹੁਤ ਯੋਗਦਾਨ ਹੈ। ਇਨਾਂ ਦੀ ਆਮਦਨ ਟੈਕਸ ਰਹਿਤ ਹੋਵੇਗੀ, ਅਤੇ ਜੀ ਆਈ ਐਸ ਲੈ ਰਹੇ ਸੀਨੀਅਰਜ ਦੀ ਫਾਰਨ ਇਨਕਮ ਹੋਣ ਤੇ ਜੀ ਆਈ ਐਸ ਵਿੱਚ ਕਟੌਤੀ ਨਹੀਂ ਹੋਵੇਗੀ।
ਕਨੇਡਾ ਨੂੰ ਡਰੱਗ ਮੁਕਤ ਕਰਨ ਲਈ ਇੱਕ ਅਜਿਹਾ ਕਾਨੂੰਂਨ ਬਣਾਇਆ ਜਾਵੇਗਾ, ਜਿਸ ਤਹਿਤ ਡਰੱਗ ਦੀ ਤਸਕਰੀ ਕਰਨ ਵਾਲਿਆਂ ਨੂੰ ਅਮਰੀਕਾ ਦੀ ਕਿਊਬਾ’ਚ ਬਣੀ ਗੁਆਟੇਮਾਲਾ ਵਰਗੀ ਜੇਲ’ਚ ਸਿਟਿਆ ਜਾਵੇਗਾ, ਜਿੱਥੇ ਸਾਰੀ ਉਮਰ ਸੜਦੇ ਰਹਿਣ। ਡਰੱਗ ਵੇਚਣ ਵਾਲੇ ਤੇ (ਖਾਣ) ਖਰੀਦਣ ਵਾਲਾ ਇੱਕੋ ਜਿਹੇ ਅਪਰਾਧੀ ਹੋਣਗੇ।

ਮੈਂ ਹਾਲੇ ਅਗਾਂਹ ਬੋਲਣ ਵਾਲਾ ਹੀ ਸੀ ਕਿ ਸਟੇਜ ਨੇੜੇ ਟੇਬਲ ਤੇ ਬੈਠਾ ਮੀਤਾ ਧੀਰੇ ਨੂੰ ਕਹਿੰਦਾ ਇਹ ਤੁਹਾਡਾ ਵੱਡਾ ਲੀਡਰ ਤਾਂ ਡਰੱਗ ਖਾਣ ਵਾਲਿਆਂ ਨੂੰ ਵੀ ਅੰਦਰ ਕਰਵਾਉਂਦਾ, ਸਾਡਾ ਕੰਮ ਕਿਵੇਂ ਚੱਲੂ, ਸਾਡੇ ਭਾਈ-ਚਾਰੇ ਨੇ ਇਹਨੂੰ ਵੋਟ ਨੀ ਪਾਉਣੀ। ਧੀਰੇ ਨੇ ਉਹਨੂੰ ਗਲਾਮਿਉਂ ਫੜਕੇ ਦੋ ਤਿੰਨ ਥੱਪੜ ਜੜ ਦਿੱਤੇ, ਕਹਿੰਦਾ ਸਾਲਿਆ ਦੋ ਘੰਟੇ ਦਾ ਸਕਾਚ ਡਕਾਰੀ ਜਾਨੈ ਚਿਕਨ ਦੀਆਂ ਟੰਗਾਂ ਚੂੰਡੀਂ ਜਾਨੈ, ਪਿਉ ਵਾਲਾ ਮਾਲ ਸਮਝਿਆ ਸੀ, ਕਹਿੰਦਾ ਅਸੀ ਨੀ ਇਹਨੂੰ ਵੋਟ ਪਾਉਣੀ। ਇਸੇ ਹੱਥੋ ਪਾਈ’ਚ ਮੇਜ ਤੇ ਪਏ ਗਲਾਸ ਪਲੇਟਾਂ ਥੱਲੇ ਡਿਗ ਕੇ ਟੁਟ ਗਏ। ਮੇਰੇ ਮੂਹੋਂ ਉੱਚੀ ਦੇਕੇ ਨਿਕਲਅਿਾ ਕਿ ਹਰਾਮ-ਜਾਦਿਉ ਪਹਿਲਾਂ ਹੀ ਬੇ ਸ਼ਗਨੀ ਕਰਤੀ। ਕਿਚਨ ਚੋਂ ਘਰਵਾਲੀ ਦੀ ਅਵਾਜ ਆਈ, ਕਿਹੜਾ ਮੁਕਲਾਵਾ ਲੈਣ ਚੱਲਿਆ ਸੀ ਜਿਹੜੀ ਬੇ-ਸ਼ਗਨੀ ਹੋ ਗਈ। ਧੌਲੀ ਦਾੜੀ ਹੋ ਗਈ, ਸੁੱਤਾ ਪਿਆ ਬੜਾਉਣੋਂ ਨੀ ਹੱਟਿਆ। ਬਾਬੇ ਤੋਂ ਪੁਛਿਆ ਵੀ ਲਈ, ਕਹਿੰਦਾ ਸੀ ਬੀਬੀ ਇੱਕ ਪੁੜੀ ਹਰ ਰੋਜ ਚਾਏ ਮੇਂ ਡਾਲ ਕਰ ਪਿਲਾਤੇ ਰਹਿਣਾ, ਪੰਦਰਾਂ ਦਿਨ ਕੇ ਬਾਦ ਰਾਤ ਕੋ ਬੜਾਉਣਾ ਤੋ ਕਿਆ, ਆਪ ਕੇ ਆਗੇ ਬੋਲੇਗਾ ਵੀ ਨਹੀਂ। ਬੇੜਾ ਬਹਿ ਜਾਏ ਇਨਾਂ ਬਾਬਿਆਂ ਦਾ, ਦੋ ਸੌ ਡਾਲਰ ਲੈ ਗਿਆ, ਜਿਵੇਂ ਦੱਸਿਆ ਸੀ ਉਵੇਂ ਕੀਤਾ, ਇਹਨੂੰ ਰਤਾ ਫਰਕ ਨੀ ਪਿਆ। ਜੇ ਮਿਲ ਜਾਏ ਬਾਬਾ, ਉਹਦੀ ਦਾੜ੍ਹੀ ਦਾ ਵਾਲ ਵਾਲ ਕਰ ਦੇਊਂ। ਤੂੰ ਉੱਠਕੇ ਵਾਸ਼ਰੂਮ ਜਾਇਆ, ਫਿਰ ਜੁਆਕਾਂ ਨੇ ਨਹਾ ਨਹੂ ਕੇ ਸਕੂਲ ਜਾਣਾ, ਤੇਰੇ ਨਾਲੋਂ ਤਾਂ ਉਹੀ ਚੰਗੇ ਨੇ ਜਿਨਾਂ ਨੂੰ ਹਾਕਾਂ ਨੀ ਮਾਰਨੀਆਂ ਪੈਂਦੀਆਂ। ਮੈਂ ਚਾਹ ਪੀ ਲਈ ਆ ਤੈਂ ਪੀਣੀ  ਹੋਈ ਤਾਂ ਬਣਾ ਲਈਂ। ਐਵੇਂ ਹਾਕਾਂ ਨਾ ਮਾਰੀ ਮੈਂ ਪਾਠ ਕਰਨ ਲੱਗੀ ਆਂ, ਪਹਿਲਾਂ ਹੀ ਲੇਟ ਹੋ ਗਈ। ਮੈਂ ਅੱਖਾਂ ਮਲਦਾ ਵਾਸ਼ਰੂਮ ਵੱਲ ਨੂੰ ਤੁਰ ਪਿਆ, ਦਮਾਗ’ਚ ਬੈਂਕੁਇਟ ਹਾਲ ਦਾ ਸੀਨ ਘੁੰਮ ਰਿਹਾ ਸੀ।

Check Also

Trade and apprenticeship provide humongous opportunities- Hon. Rajan Sawhney

Trade and apprenticeship provide humongous opportunities- Hon. Rajan Sawhney

Edmonton(ATB): Alberta Government has announced $43 Million support in Budget 2024 to NAIT (Northern Alberta …