
ਚੰਡੀਗੜ੍ਹ—ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਇੱਕ ਵਾਰ ਫਿਰ ਪੈਰੋਲ ਲਈ ਪਟੀਸ਼ਨ ਲਗਾਈ ਸੀ, ਜਿਸ ‘ਤੇ ਅੱਜ ਭਾਵ ਸ਼ੁੱਕਰਵਾਰ ਨੂੰ ਫੈਸਲਾ ਆਇਆ ਹੈ। ਫੈਸਲੇ ‘ਚ ਪੈਰੋਲ ਪਟੀਸ਼ਨ ਨਾਮਨਜ਼ੂਰ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਨੇ ਹਾਈਕੋਰਟ ‘ਚ ਅਰਜੀ ਦੇ ਕੇ ਆਪਣੇ ਪਤੀ ਲਈ ਪੈਰੋਲ ਮੰਗੀ ਹੈ। ਦਰਅਸਲ ਰਾਮ ਰਹੀਮ ਦੀ ਮਾਂ ਨਸੀਬ ਕੌਰ (85) ਨੂੰ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਬੀਮਾਰ ਹੈ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜੇਲ ਸੁਪਰਡੈਂਟ ਨੂੰ ਫੈਸਲਾ ਲੈਣ ਲਈ ਆਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਹੱਤਿਆ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਨੇ ਇਸ ਤੋਂ ਪਹਿਲਾਂ ਵੀ ਦੋ ਵਾਰ ਪੈਰੋਲ ਲਈ ਕੋਸ਼ਿਸ਼ ਕਰ ਚੁੱਕੇ ਹਨ ਪਰ ਅਸਫਲ ਰਹੇ ਹਨ। ਪਹਿਲਾਂ ਉਨ੍ਹਾਂ ਨੇ ਆਪਣੀ ਗੋਦ ਲਈ ਧੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਹਾਈਕੋਰਟ ਤੋਂ 4 ਦਿਨ ਦੀ ਪੈਰੋਲ ਮੰਗੀ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਖੇਤੀਬਾੜੀ ਦੇ ਕੰਮ ਲਈ ਪੈਰੋਲ ਦੀ ਗੁਹਾਰ ਲਗਾਈ ਸੀ। ਜਸਟਿਸ ਦਇਆ ਚੌਧਰੀ ਅਤੇ ਜਸਟਿਸ ਸੁਧੀਰ ਮਿੱਤਲ ਦੀ ਬੈਂਚ ‘ਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਅਤੇ ਸੀ. ਬੀ. ਆਈ. ਦੇ ਵਕੀਲਾਂ ਨੇ ਰਾਮ ਰਹੀਮ ਦੀ ਜ਼ਮਾਨਤ ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਹਰਿਆਣਾ ਸਰਕਾਰ ਨੇ ਐਡਵੋਕੇਟ ਜਨਰਲ ਬਲਦੇਵ ਮਹਾਜਨ ਅਤੇ ਸੀ. ਬੀ. ਆਈ. ਦੇ ਵਕੀਲ ਸੁਮਿਤ ਗੋਇਲ ਨੇ ਕਿਹਾ ਸੀ ਕਿ ਕਾਨੂੰਨੀ ਵਿਵਸਥਾ ਨੂੰ ਦੇਖਦੇ ਹੋਏ ਰਾਮ ਰਹੀਮ ਨੂੰ ਜ਼ਮਾਨਤ ਦੇਣਾ ਠੀਕ ਨਹੀਂ ਹੋਵੇਗਾ। ਜਦੋਂ ਬੈਂਚ ਨੇ ਰਾਮ ਰਹੀਮ ਦੀ ਪਟੀਸ਼ਨ ‘ਤੇ ਸਖਤ ਰੁਖ ਅਪਣਾਉਂਦਿਆਂ ਅਪੀਲ ਨੂੰ ਖਾਰਿਜ ਕਰਨ ਦੀ ਗੱਲ ਕੀਤੀ ਤਾਂ ਰਾਮ ਰਹੀਮ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ ਸੀ।