
ਹਿਸਾਰ— ਹਰਿਆਣਾ ਦੇ ਵਿੱਤ ਅਤੇ ਮਾਲੀਆ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਭਾਜਪਾ ਸਰਕਾਰ ਨੇ ਆਪਣੇ 4 ਸਾਲ ਦੇ ਸ਼ਾਸਨ ਕਾਲ ਵਿਚ ਹੁਣ ਤਕ 54 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਜਦਕਿ ਪਿਛਲੀ ਭੁਪਿੰਦਰ ਸਿੰਘ ਹੁੱਡਾ ਦੀ ਲੀਡਰਸ਼ਿਪ ਵਾਲੀ ਕਾਂਗਰਸ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ ਸਿਰਫ 18 ਹਜ਼ਾਰ ਨੌਕਰੀਆਂ ਹੀ ਦਿੱਤੀਆਂ ਸਨ। ਸਾਡੇ 10 ਸਾਲ ਦੇ ਸ਼ਾਸਨ ਕਾਲ ਵਿਚ ਨੌਕਰੀਆਂ ਦੇਣ ਦਾ ਅੰਕੜਾ ਸਵਾ ਲੱਖ ਨੂੰ ਪਾਰ ਕਰੇਗਾ। ਕੈਪਟਨ ਅਭਿਮਨਿਊ ਨੇ ਮਾਢਾ ਪਿੰਡ ਵਿਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ। ਉਨ੍ਹਾਂ ਨੇ ਮਾਢਾ ਲਈ ਵੱਖ ਤੋਂ ਤਿਆਰ ਕੀਤੇ ਗਏ ਫੀਡਰ ਦਾ ਵੀ ਸ਼ੁੱਭ ਆਰੰਭ ਕੀਤਾ, ਜਿਸ ਨਾਲ ਪਿੰਡ ਨੂੰ 18 ਘੰਟੇ ਬਿਜਲੀ ਦੀ ਸਪਲਾਈ ਹੋਵੇਗੀ।
ਵਿੱਤ ਮੰਤਰੀ ਅਭਿਮਨਿਊ ਨੇ ਕਿਹਾ ਕਿ ਬੀਤੇ 4 ਸਾਲਾਂ ਵਿਚ ਸਰਕਾਰ ਨੇ ਕਿਸੇ ਸਿਫਾਰਸ਼, ਪਰਚੀ ਜਾਂ ਪੈਸੇ ਦੇ ਲੈਣ-ਦੇਣ ਦੇ ਬਿਨਾਂ ਯੋਗ ਅਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਦਲਾਂ ਦੇ ਨੇਤਾ ਸੋਚਦੇ ਹਨ ਕਿ ਨੌਜਵਾਨ ਪੜ੍ਹ-ਲਿਖਕੇ ਕੀ ਕਰਨਗੇ ਪਰ ਮੌਜੂਦਾ ਸਰਕਾਰ ਨੇ ਸਿੱਖਿਆ ਦੀ ਰੋਸ਼ਨੀ ਹਰ ਘਰ ਤਕ ਪਹੁੰਚਾਉਣ ਲਈ ਨਾਰਨੌਂਦ ਹਲਕੇ ਵਿਚ 4 ਕਾਲਜ ਅਤੇ 4 ਆਈ. ਟੀ. ਆਈ. ਸ਼ੁਰੂ ਕੀਤੀਆਂ ਹਨ। ਲੋੜ ਅਤੇ ਮੰਗ ਅਨੁਸਾਰ ਸਕੂਲ ਅਪਗ੍ਰੇਡ ਕੀਤੇ ਗਏ ਹਨ। ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ 4 ਕਾਲਜ ਤਾਂ 10 ਸਾਲ ਮੁੱਖ ਮੰਤਰੀ ਰਹਿਣ ਵਾਲਿਆਂ ਦੇ ਹਲਕਿਆਂ ਵਿਚ ਵੀ ਨਹੀਂ ਸਨ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਜਲੀ ਦੇ ਮੀਟਰ ਆਪਣੇ ਘਰਾਂ ਦੇ ਬਾਹਰ ਲਗਵਾਉਣ ਤਾਂ ਕਿ ਪਿੰਡ ਵਿਚ 24 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੈਂ ਮਾਢਾ ਪਿੰਡ ਨੂੰ ਹਲਕੇ ਲਈ ਮਿਸਾਲ ਬਣਾਉਣਾ ਚਾਹੁੰਦਾ ਹਾਂ।