ਸੰਯੁਕਤ ਰਾਸ਼ਟਰ/ਹੀਰੋਸ਼ੀਮਾ, 21 ਮਈ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਸਲਾਮਤੀ ਪਰਿਸ਼ਦ ਸੰਨ 1945 ਦੀਆਂ ਆਲਮੀ ਸ਼ਕਤੀਆਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ, ਤੇ ਵਰਤਮਾਨ ਸਮਿਆਂ ਦੀ ਅਸਲੀਅਤ ਮੁਤਾਬਕ ਹੁਣ ਤਾਕਤਾਂ ਦੀ ਮੁੜ ਵੰਡ ਦੀ ਲੋੜ ਵਧਦੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਸ ‘ਆਲਮੀ ਇਕਾਈ ਵਿਚ ਸੁਧਾਰਾਂ ਦਾ ਸਮਾਂ ਹੈ।’ ਜੀ-7 ਮੀਟਿੰਗ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਮਾਰੂ ਅਸਰਾਂ, ਜਲਵਾਯੂ ਸੰਕਟ, ਯੂਕਰੇਨ ‘ਤੇ ਰੂਸ ਦੇ ਹਮਲੇ, ਕਰਜ਼ਿਆਂ ਦੀ ਪੰਡ ਭਾਰੀ ਹੋਣ, ਵਿਆਜ ਦਰਾਂ ਵਧਣ ਤੇ ਮਹਿੰਗਾਈ ਵਿਚ ਵਾਧੇ ਨੇ ਵਿਕਾਸਸ਼ੀਲ ਤੇ ਉੱਭਰ ਰਹੇ ਅਰਥਚਾਰਿਆਂ ਨੂੰ ਝੰਬ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤਾਕਤਾਂ ਦੀ ਵੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 1945 ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ, ਵਿੱਤੀ ਢਾਂਚਾ ਆਪਣੀ ਮਿਆਦ ਪੁਗਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵੀ ਕਾਫੀ ਸਮੇਂ ਤੋਂ ਸਲਾਮਤੀ ਪਰਿਸ਼ਦ ਵਿਚ ਸੁਧਾਰਾਂ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੀ-7 ਸੰਮੇਲਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਸੁਧਾਰਾਂ ਦੀ ਗੱਲ ਕੀਤੀ ਹੈ। -ਪੀਟੀਆਈ
Source link