Home / Punjabi News / ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਆਪਣੀ ਪਾਰਟੀ ਦੇ ਉਮੀਦਵਾਰ ਝੂੰਦਾਂ ਦੇ ਹੱਕ ’ਚ ਨਾ ਚੱਲਣ ਦਾ ਐਲਾਨ ਕੀਤਾ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਆਪਣੀ ਪਾਰਟੀ ਦੇ ਉਮੀਦਵਾਰ ਝੂੰਦਾਂ ਦੇ ਹੱਕ ’ਚ ਨਾ ਚੱਲਣ ਦਾ ਐਲਾਨ ਕੀਤਾ

ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ’ਤੇ ਹੋਏ ਵਿਸ਼ਾਲ ਇਕੱਠ ਅਤੇ ਪਾਰਟੀ ਵਰਕਰਾਂ ਦੀ ਰਾਇ ਜਾਨਣ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰ ਸੰਗਰੂਰ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਨਹੀਂ ਚੱਲਣਗੇ ਅਤੇ ਘਰ ਬੈਠ ਜਾਣਗੇ। ਸ੍ਰੀ ਢੀਂਡਸਾ ਨੇ ਕਿਹਾ ਕਿ ਭਾਵੇਂ ਕਿ ਪਾਰਟੀ ਵਲੋਂ ਸੁਨੇਹੇ ਆਏ ਕਿ ਪਾਰਟੀ ਟਿਕਟ ਬਦਲ ਦਿੰਦੇ ਹਾਂ ਪਰ ਉਨ੍ਹਾਂ ਵਲੋਂ ਜਵਾਬ ਦੇ ਦਿੱਤਾ ਕਿ ਟਿਕਟ ਨਹੀਂ ਲੈਣੀ, ਜੋ ਹੋਣਾ ਸੀ ਹੋ ਗਿਆ। ਪਾਰਟੀ ਸਰਪ੍ਰਸਤ ਨੇ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਜਪਾ ਅਤੇ ਕਾਂਗਰਸ ਪਾਰਟੀ ਵਲੋਂ ਵੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਜਵਾਬ ਦੇ ਦਿੱਤਾ ਕਿ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰਾਂ ਵਲੋਂ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਕਬਾਲ ਸਿੰਘ ਝੂੰਦਾਂ ਨਾਲ ਬਿਲਕੁਲ ਨਹੀਂ ਚੱਲਣਗੇ। ਸ੍ਰੀ ਢੀਂਡਸਾ ਨੇ ਕਿਹਾ ਕਿ ਝੂੰਦਾਂ ਜਿਥੇ ਕਿਤੇ ਵੀ ਪ੍ਰਚਾਰ ਲਈ ਗਿਆ, ਸਾਡੇ ਵਰਕਰਾਂ ਨੂੰ ਨਹੀਂ ਬੁਲਾਇਆ ਗਿਆ।
ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ’ਤੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ,‘ਤੁਹਾਡਾ ਬੱਚਾ ਹਾਂ, ਮੁਆਫ਼ੀ ਮੰਗਦਾ ਹਾਂ, ਗਲਤੀ ਹੋ ਗਈ’ ਮੁਆਫ਼ੀ ਤੇ ਗਲਤੀ ਦੀ ਗੱਲ ਨਹੀਂ ਸਗੋਂ ਵਿਸ਼ਵਾਸ ਟੁੱਟਿਆ ਹੈ। ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿੱਜੀ ਰਾਇ ਬਾਰੇ ਸ੍ਰੀ ਢੀਂਡਸਾ ਨੇ ਕਿਹਾ ਕਿ ਮਜੀਠੀਆ ਦੀ ਰਾਇ ਠੀਕ ਹੈ। ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ’ਚ 14/15 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਿਆ ਸੀ ਅਤੇ ਹੁਣ ਸਿਰਫ਼ ਤਿੰਨ ਸੀਟਾਂ ’ਤੇ ਰਹਿ ਗਏ ਹਾਂ। ਇਸ ਲਈ ਦਲ ਨੂੰ ਤਕੜਾ ਕਰਨਾ ਹੈ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਸੰਖੇਪ ’ਚ ਕਿਹਾ ਕਿ ਪਾਰਟੀ ਵਰਕਰਾਂ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਝੂੰਦਾਂ ਦੇ ਹੱਕ ਵਿਚ ਨਹੀਂ ਤੁਰਨਗੇ, ਉਹ ਵਿਰੋਧ ਵੀ ਨਹੀਂ ਕਰਨਗੇ ਸਗੋਂ ਘਰ ਬੈਠ ਜਾਣਗੇ।

The post ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਆਪਣੀ ਪਾਰਟੀ ਦੇ ਉਮੀਦਵਾਰ ਝੂੰਦਾਂ ਦੇ ਹੱਕ ’ਚ ਨਾ ਚੱਲਣ ਦਾ ਐਲਾਨ ਕੀਤਾ appeared first on Punjabi Tribune.


Source link

Check Also

ISRO satellite faces technical glitch: ਇਸਰੋ ਦੇ ਨੇਵੀਗੇਸ਼ਨ ਸੈਟੇਲਾਈਟ ਵਿੱਚ ਤਕਨੀਕੀ ਖ਼ਰਾਬੀ

ਨਵੀਂ ਦਿੱਲੀ, 3 ਫਰਵਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਐੱਨਵੀਐੱਸ-02 ਨੈਵੀਗੇਸ਼ਨ ਸੈਟੇਲਾਈਟ ਨੂੰ ਜੀਓਸਿਨਕਰੋਨਸ …