
ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਗ੍ਰਿਫਤਾਰ ਸ਼ੱਕੀ ਮੈਂਬਰ ਜੀਸ਼ਾਨ ਅਲੀ ਨੂੰ 14 ਦਿਨਾਂ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ।
ਜੀਸ਼ਾਨ ਨੂੰ ਬੀਤੇ ਦਿਨ ਸਾਊਦੀ ਅਰਬ ਤੋਂ ਦਿੱਲੀ ਲਿਆਂਦਾ ਗਿਆ ਸੀ। ਉਸ ਨੂੰ ਵਧੀਕ ਸੈਸ਼ਨ ਜੱਜ ਸਿਧਾਰਥ ਸਿੰਘ ਦੇ ਸਾਹਮਣੇ ਅੱਜ ਪੇਸ਼ ਕੀਤਾ ਗਿਆ ਸੀ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਦੇ ਜੀਸ਼ਾਨ ਤੋਂ ਪੁੱਛਗਿੱਛ ਕਰਨ ਦੀ ਅਪੀਲ ‘ਤੇ ਸਿੰਘ ਨੇ ਉਸ ਨੂੰ 14 ਦਿਨਾਂ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ। ਸੂਤਰਾਂ ਮੁਤਾਬਕ ਜੀਸ਼ਾਨ ਦੇਸ਼ ‘ਚ 15 ਅਗਸਤ ਦੇ ਮੌਕੇ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਤੇ ਹਮਲੇ ਤੋਂ ਬਾਅਦ ਨੇਪਾਲ ਭੱਜਣ ਦੀ ਤਿਆਰੀ ‘ਚ ਸੀ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਦੇ ਡਿਪਟੀ ਕਮਿਸ਼ਨਰ ਪਰਮੋਦ ਕੁਸ਼ਵਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੀਸ਼ਾਨ ਇਕ ਅੱਤਵਾਦੀ ਨੈਟਵਰਕ ਦਾ ਹਿੱਸਾ ਸੀ ਤੇ ਭਾਰਤ ‘ਚ ਅੱਤਵਾਦੀ ਸੰਗਠਨ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਤਿਆਰੀ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜੀਸ਼ਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।