
ਮੁੰਬਈ — ਸ਼ਿਵ ਸੈਨਾ ਨੇ ਅਯੁੱਧਿਆ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਆਪਣੀ ਸਹਿਯੋਗੀ ਪਾਰਟੀ ਭਾਜਪਾ ‘ਤੇ ਤੰਜ਼ ਕੱਸਿਆ ਹੈ। ਸ਼ਿਵ ਸੈਨਾ ਨੇ ਕਿਹਾ ਕਿ ਵਿਵਾਦਤ ਜ਼ਮੀਨ ‘ਤੇ ਰਾਮ ਮੰਦਰ ਦਾ ਨਿਰਮਾਣ ਪਾਰਟੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ ਅਤੇ ਇਹ ਮੁੱਦਾ ਉਸ ਨੂੰ ਸੱਤਾ ਤੋਂ ਬਾਹਰ ਕਰਨ ਦਾ ਕਾਰਨ ਬਣੇਗਾ। ਪਾਰਟੀ ਨੇ ਕਿਹਾ ਕਿ ਹਾਲ ਹੀ ਵਿਚ 3 ਸੂਬਿਆਂ ਵਿਚ ਚੋਣਾਵੀ ਹਾਰ ਤੋਂ ਭਾਜਪਾ ਜਾਗੀ ਨਹੀਂ ਹੈ ਅਤੇ ਆਰ. ਐੱਸ. ਐੱਸ. ਸਰ ਸੰਘਚਾਲਕ ਮੋਹਨ ਭਾਗਵਤ ਨੇ ਭਗਵਦ ਗੀਤਾ ਦੇ ਉਪਦੇਸ਼ਾਂ ਦੇ ਸੰਦਰਭ ਵਿਚ ਜੋ ਕੁਝ ਵੀ ਕਿਹਾ, ਪਾਰਟੀ ਉਸ ਤੋਂ ਸੀਖ ਲੈਣ ਲਈ ਤਿਆਰ ਨਹੀਂ ਹੈ।
ਸ਼ਿਵ ਸੈਨਾ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਭਾਜਪਾ ਦੇ ਅੰਦਰ ਵੀ ਦਬਾਅ ਹੈ। ਉੱਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ, ”ਮੋਹਨ ਭਾਗਵਤ ਨੇ ਭਗਵਦ ਗੀਤਾ ਦਾ ਹਵਾਲਾ ਦਿੰਦੇ ਹੋਏ ਕਿਹਾ, ”ਜੋ ਮੈਂ ਕਰਦਾ ਹਾਂ ਉਹ ਚੰਗਾ। ਮੈਂ ਕੀਤਾ, ਮੈਂ ਕੀਤਾ, ਅਜਿਹਾ ਹੰਕਾਰ ਕਰਨ ਵਾਲੇ ਕਿਸ ਕੰਮ ਦੇ?” ਉਨ੍ਹਾਂ ਨੇ ਭਾਜਪਾ ਲਈ ਇਕ ਮਾਰਗਦਰਸ਼ਕ ਸਿਧਾਂਤ ਦਿੱਤਾ ਹੈ। ਸ਼ਿਵ ਸੈਨਾ ਨੇ ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਛਪੇ ਸੰਪਾਦਕੀ ਵਿਚ ਕਿਹਾ, ”ਪਰ ਇਸ ਦਾ ਕੀ ਫਾਇਦਾ? ਇਹ ਸਰਕਾਰ ਤਾਂ ਤਿੰਨ ਸੂਬਿਆਂ ਵਿਚ ਮਿਲੀ ਹਾਰ ਦੇ ਬਾਵਜੂਦ ਕੁਭੰਕਰਨ ਵਾਂਗ ਨੀਂਦ ਤੋਂ ਉੱਠਣ ਨੂੰ ਤਿਆਰ ਨਹੀਂ ਹੈ।”
ਦੱਸਣਯੋਗ ਹੈ ਕਿ ਭਾਜਪਾ ਦੀ ਹਾਲ ਹੀ ‘ਚ ਅਹਿਮ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਚੋਣਾਂ ਵਿਚ ਕਾਂਗਰਸ ਦੇ ਹੱਥੋਂ ਹਾਰ ਹੋਈ ਹੈ। ਸ਼ਿਵ ਸੈਨਾ ਨੇ ਕਿਹਾ ਕਿ ਪੂਰਾ ਦੇਸ਼ ਮੰਦਰ ਨਿਰਮਾਣ ਚਾਹੁੰਦਾ ਹੈ। ਇਹ ਹੀ ਵਜ੍ਹਾ ਹੈ ਕਿ 2014 ਵਿਚ ਭਾਜਪਾ ਨੂੰ ਵੋਟਾਂ ਮਿਲੀਆਂ। ਇਹ ਮੁੱਦਾ ਵੀ ਪਾਰਟੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ। ਇਸ ਦੀ ਸੱਤਾ ਤੋਂ ਵਾਪਸੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਸੰਪਾਦਕੀ ਵਿਚ ਲਿਖਿਆ ਗਿਆ ਹੈ, ” ਭਗਵਾਨ ਰਾਮ ਦੇ ਅੱਛੇ ਦਿਨ ਕਦੋਂ ਆਉਣਗੇ, ਜੋ 25 ਸਾਲ ਤੋਂ ਖੁੱਲ੍ਹੇ ਤੱਬੂ ਵਿਚ ਰਹਿ ਰਹੇ ਹਨ, ਜਦਕਿ ਸੱਤਾ ‘ਤੇ ਬੈਠੇ ਲੋਕ ਆਪਣੀਆਂ ਕੁਰਸੀਆਂ ਗਰਮ ਕਰ ਰਹੇ ਹਨ।”