Home / World / Punjabi News / ਲਾਪਤਾ AN-32 ਦਾ ਮਲਬਾ ਮਿਲਣ ਤੋਂ ਬਾਅਦ 13 ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਸ਼ੁਰੂ

ਲਾਪਤਾ AN-32 ਦਾ ਮਲਬਾ ਮਿਲਣ ਤੋਂ ਬਾਅਦ 13 ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਸ਼ੁਰੂ

ਈਟਾਨਗਰ—ਭਾਰਤੀ ਹਵਾਈ ਫੌਜ ਨੇ 8 ਦਿਨਾਂ ਤੱਕ ਚੱਲੇ ਖੋਜ ਮੁਹਿੰਮ ਤੋਂ ਬਾਅਦ ਮੰਗਲਵਾਰ ਨੂੰ ਏ. ਐੱਨ-32 ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਹ ਮਲਬਾ ਅਰੁਣਾਚਲ ਪ੍ਰਦੇਸ਼ ਦੇ ਲੀਪੋ ਦੇ ਉੱਤਰੀ ਖੇਤਰ ‘ਚ ਮਿਲਿਆ ਹੈ, ਜੋ ਕਿ ਸੰਘਣੇ ਜੰਗਲਾਂ ਵਾਲਾ ਇਲਾਕਾ ਹੈ। ਤੰਗ ਪਹਾੜੀ ਇਲਾਕੇ ‘ਚ ਮਿਲੇ ਜਹਾਜ਼ ਦੇ ਮਲਬੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਮਲਬਾ ਖਿਲਰਿਆਂ ਦਿਖਾਈ ਦੇ ਰਿਹਾ ਹੈ, ਨੇੜੇ ਦੇ ਰੁੱਖ ਸੜੇ ਹੋਏ ਦਿਖਾਈ ਦੇ ਰਹੇ ਹਨ। ਸ਼ੱਕ ਹੈ ਕਿ ਇਹ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਇਨ੍ਹਾਂ ਰੁੱਖਾਂ ਨੂੰ ਅੱਗ ਲੱਗੀ ਹੋਵੇਗੀ। ਇਹ ਥਾਂ ਚੀਨੀ ਸਰਹੱਦ ਦੇ ਬਹੁਤ ਨੇੜੇ ਹੈ।

ਭਾਰਤੀ ਹਵਾਈ ਫੌਜ ਬੁਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਦਾ ਕਹਿਣਾ ਹੈ ਕਿ ਕ੍ਰੈਸ਼ ਸਾਈਟ ਦਾ ਪਤਾ ਲਗਾਉਣ ਤੋਂ ਬਾਅਦ ਭਾਰਤੀ ਹਵਾਈ ਫੌਜ, ਆਰਮੀ ਅਤੇ ਸਾਧਾਰਨ ਪਰਬਤਰੋਹੀਆਂ ਦੀ ਇੱਕ ਟੀਮ ਨੂੰ ਇਸ ਥਾਂ ਦੇ ਨੇੜੇ ਏਅਰਲਿਫਟ ਕੀਤਾ ਗਿਆ ਹੈ। ਇਹ ਟੀਮ ਜੀਉਂਦੇ ਲੋਕਾਂ ਅਤੇ ਹੋਰ ਚੀਜ਼ਾਂ ਦੀ ਭਾਲ ਕਰੇਗੀ। ਜਹਾਜ਼ ਦਾ ਮਲਬਾ ਜਿਸ ਸਥਾਨ ‘ਤੇ ਮਿਲਿਆ ਹੈ, ਉਹ ਅਰੁਣਾਚਲ ਪ੍ਰਦੇਸ਼ ਦੇ ਏ. ਐੱਨ-32 ਦੇ ਉਡਾਣ ਮਾਰਗ ਦੇ ਨੇੜੇ 15-20 ਕਿਲੋਮੀਟਰ ਉੱਤਰ ਵੱਲ ਹੈ।

ਖਰਾਬ ਮੌਸਮ ਕਾਰਨ ਦੋ ਦਿਨਾਂ ਤੋਂ ਹਵਾਈ ਮੁਹਿੰਮ ‘ਚ ਪਰੇਸ਼ਾਨੀ ਆ ਰਹੀ ਸੀ ਪਰ ਸੋਮਵਾਰ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹਵਾਈ ਫੌਜ ਨੇ ਜਹਾਜ਼ ਦਾ ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਮਲਬਾ ਟਾਟੋ ਦੇ ਉੱਤਰ ਪੂਰਬ ‘ਚ ਲਗਭਗ 12,000 ਫੁੱਟ ਦੀ ਉਚਾਈ ‘ਤੇ ਮਿਲਿਆ। ਲਾਪਤਾ ਹੋਏ ਜਹਾਜ਼ ਦੀ ਭਾਲ ‘ਚ ਭਾਰਤੀ ਹਵਾਈ ਫੌਜ ਦੇ ਐੱਮ. ਆਈ-17 ਹੈਲੀਕਾਪਟਰ ਨੂੰ ਲਗਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਜਹਾਜ਼ ‘ਚ ਸਵਾਰ ਲੋਕਾਂ ਦੇ ਬਾਰੇ ‘ਚ ਪਤਾ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਟਾਟੋ ਬੀਤੇ ਦਸੰਬਰ ‘ਚ ਬਣਾਏ ਗਏ ਸ਼ੀ ਯੋਮੀ ਜ਼ਿਲੇ ਦਾ ਦਫਤਰ ਹੈ ਜੋ ਕਿ ਉੱਤਰ ‘ਚ ਚੀਨ ਦੇ ਨਾਲ ਲੱਗਦਾ ਹੈ ਅਤੇ ਅਰੁਣਾਚਲ ਪ੍ਰਦੇਸ਼ ਦੇ ਸਭ ਤੋਂ ਦੂਰ ਇਲਾਕੇ ‘ਚ ਸਥਿਤ ਹੈ। ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬੇ ਵਾਲੀ ਥਾਂ ਦੇ ਬਾਰੇ ‘ਚ ਹੁਣ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਹੈ ਕਿ ਇਹ ਸ਼ੀ ਯੋਮੀ ‘ਚ ਆਉਂਦੀ ਹੈ ਜਾਂ ਫਿਰ ਗੁਆਂਢ ਦੇ ਸਿਆਂਗ ‘ਚ ਹੈ। ਜ਼ਿਕਰਯੋਗ ਹੈ ਕਿ ਫੌਜ ਦੇ ਏ. ਐੱਨ-32 ਜਹਾਜ਼ ਨੇ ਆਸਾਮ ਦੇ ਜੋਰਹਾਟ ਬੇਸ ਤੋਂ 3 ਜੂਨ ਨੂੰ ਦੁਪਹਿਰ ਲਗਭਗ 12.30 ਵਜੇ ਉਡਾਣ ਭਰੀ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਇਸ ਜਹਾਜ਼ ‘ਚ 13 ਲੋਕ ਸਵਾਰ ਸੀ।

Check Also

ਪੰਜਾਬ ‘ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ

ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 2510 ਹੋ ਗਈ ਹੈ। ਸਿਹਤ ਵਿਭਾਗ …

%d bloggers like this: