Home / World / Punjabi News / ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਨਰਸ ਨੇ ਕੀਤਾ ਇਹ ਨਵਾਂ ਖੁਲਾਸਾ

ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਨਰਸ ਨੇ ਕੀਤਾ ਇਹ ਨਵਾਂ ਖੁਲਾਸਾ

ਵਾਇਨਾਡ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਸਬੰਧੀ ਕੇਰਲ ਦੀ ਇਕ ਨਰਸ ਨੇ ਨਵਾਂ ਖੁਲਾਸਾ ਕੀਤਾ ਹੈ। ਵਾਇਨਾਡ ‘ਚ ਇਕ ਰਿਟਾਇਰਡ ਨਰਸ ਤੇ ਉੱਥੋਂ ਦੀ ਵੋਟਰ ਰਾਜਮਾ ਵਾਵਥਿਲ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਦਾ ਜਨਮ ਦਿੱਲੀ ਦੇ ਇਕ ਹਸਪਤਾਲ ‘ਚ ਹੋਇਆ ਸੀ। ਉਸ ਸਮੇਂ ਉਹ ਉੱਥੇ ਡਿਊਟੀ ‘ਤੇ ਸੀ। ਨਰਸ ਨੇ ਕਿਹਾ ਕਿ 19 ਜੂਨ 1970 ਨੂੰ ਜਦੋਂ ਰਾਹੁਲ ਗਾਂਧੀ ਦਾ ਜਨਮ ਹੋਇਆ ਉਦੋਂ ਉਹ ਉਸੇ ਹਸਪਤਾਲ ‘ਚ ਨਰਸ ਸੀ। 72 ਸਾਲਾ ਨਰਸ ਦਾ ਕਹਿਣਾ ਹੈ ਕਿ ਉਦੋਂ ਉਹ ਉਸ ਹਸਪਤਾਲ ‘ਚ ਇਕ ਟ੍ਰੇਨੀ ਦੇ ਤੌਰ ‘ਤੇ ਕੰਮ ਸਿੱਖ ਰਹੀ ਸੀ ਅਤੇ ਜਦੋਂ ਕਾਂਗਰਸ ਪ੍ਰਧਾਨ ਦਾ ਜਨਮ ਹੋਇਆ ਉਦੋਂ ਉਹ ਪਹਿਲੀ ਮਹਿਲਾ ਸੀ ਜਿਸ ਨੇ ਰਾਹੁਲ ਨੂੰ ਆਪਣੇ ਹੱਥਾਂ ‘ਚ ਲਿਆ ਸੀ।
ਵਾਵਥਿਲ ਨੇ ਕਿਹਾ, ‘ਮੈਂ ਕਿਸਮਤ ਵਾਲੀ ਸੀ ਕਿਉਂਕਿ ਮੈਂ ਉਨ੍ਹਾਂ ਕੁਝ ਲੋਕਾਂ ‘ਚ ਸ਼ਾਮਲ ਸੀ ਜਿਨ੍ਹਾਂ ਨੇ ਨਵਜਾਤ ਨੂੰ ਆਪਣੇ ਹੱਥਾਂ ‘ਚ ਲਿਆ ਸੀ। ਉਹ ਬਹੁਤ ਪਿਆਰਾ ਸੀ। ਮੈਂ ਉਨ੍ਹਾਂ ਦੇ ਜਨਮ ਦੀ ਗਵਾਹ ਸੀ। ਮੈਂ ਰੋਮਾਂਚਿਤ ਸੀ…ਅਸੀਂ ਸਾਰੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋਤੇ ਨੂੰ ਦੇਖ ਕੇ ਰੋਮਾਂਚਿਤ ਸੀ।’ ਉਨ੍ਹਾਂ ਕਿਹਾ ਕਿ 49 ਸਾਲ ਬਾਅਦ ਉਹ ਪਿਆਰਾ ਬੱਚਾ ਕਾਂਗਰਸ ਪ੍ਰਧਾਨ ਦੇ ਰੂਪ ‘ਚ ਵਾਇਨਾਡ ਤੋਂ ਚੋਣ ਲੜ ਰਿਹਾ ਹੈ। ਵਾਵਥਿਲ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਸੋਨੀਆ ਗਾਂਧੀ ਨੂੰ ਡਿਲੀਵਰੀ ਲਈ ਲਿਆਂਦਾ ਗਿਆ, ਉਦੋਂ ਰਾਜੀਵ ਗਾਂਧੀ ਤੇ ਚਾਚਾ ਸੰਜੈ ਗਾਂਧੀ ਹਸਪਤਾਲ ਦੇ ਲੇਬਰ ਰੂਮ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਕਹਾਣੀ ਹੈ ਜੋ ਅਕਸਰ ਆਪਣੇ ਪਰਿਵਾਰ ਨੂੰ ਸੁਣਾਈ ਹੈ। ਰਿਟਾਇਰਡ ਨਰਸ ਨੇ ਕਿਹਾ ਕਿ ਉਹ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਦੀ ਉਸ ਸ਼ਿਕਾਇਤ ਤੋਂ ਦੁਖੀ ਹੈ, ਜਿਸ ਵਿਚ ਕਾਂਗਰਸ ਪ੍ਰਧਾਨ ਦੀ ਨਾਗਰਿਕਤਾ ‘ਤੇ ਸਵਾਲ ਕੀਤਾ ਗਿਆ ਹੈ। ਵਾਵਥਿਲ ਅਨੁਸਾਰ, ਕੋਈ ਵੀ ਭਾਰਤੀ ਨਾਗਰਿਕ ਦੇ ਰੂਪ ‘ਚ ਰਾਹੁਲ ਗਾਂਧੀ ਦੀ ਪਛਾਣ ‘ਤੇ ਸਵਾਲ ਨਹੀਂ ਚੁੱਕ ਸਕਦਾ ਅਤੇ ਸਵਾਮੀ ਨੇ ਨਾਗਰਿਕਤਾ ਸਬੰਧੀ ਜੋ ਸਵਾਲ ਚੁੱਕੇ ਹਨ, ਉਹ ‘ਬੇਬੁਨਿਆਦ’ ਹਨ। ਰਿਟਾਇਰਡ ਨਰਸ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਜਨਮ ਬਾਰੇ ਸਾਰੇ ਰਿਕਾਰਡ ਹਸਪਤਾਲ ‘ਚ ਹੋਣਗੇ।
ਦਿੱਲੀ ਹੋਲੀ ਫੈਮਿਲੀ ਹਸਪਤਾਲ ਤੋਂ ਨਰਸਿੰਗ ਕੋਰਸ ਪੂਰਾ ਕਰਨ ਵਾਲੀ ਵਾਵਥਿਲ ਬਾਅਦ ‘ਚ ਨਰਸ ਦੇ ਰੂਪ ‘ਚ ਭਾਰਤੀ ਫ਼ੌਜ ‘ਚ ਸ਼ਾਮਲ ਹੋਈ। ਸੇਵਾ ਤੋਂ ਵੀਆਰਐੱਸ ਲੈਣ ਤੋਂ ਬਾਅਦ ਉਹ 1987 ‘ਚ ਕੇਰਲ ਆਈ ਤੇ ਸੁਲਤਾਨ ਬਾਥਰੀ ਨਜ਼ਦੀਕ ਕੱਲੋਰ ‘ਚ ਵਸੀ ਹੋਈ ਹੈ। ਉਨ੍ਹਾਂ ਉਮੀਦ ਜਤਾਈ ਕਿ ਅਗਲੀ ਵਾਰ ਜਦੋਂ ਰਾਹੁਲ ਗਾਂਧੀ ਵਾਇਨਾਡ ਦੌਰੇ ‘ਤੇ ਆਉਣਗੇ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ।

Check Also

ਕੋਰੋਨਾ ਦੇ ਕਹਿਰ ‘ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਵੀਰਵਾਰ ਤਕ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ …

%d bloggers like this: