
ਕੇਂਦਰ ਸਰਕਾਰ ਕਿਸਾਨਾਂ, ਗਰੀਬਾਂ ਅਤੇ ਛੋਟੇ ਵਪਾਰੀਆਂ ਦੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ
ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਦੇ ਸਾਂਸਦ ਸ੍ਰੀ ਸੁਨੀਲ ਜਾਖੜ ਨੇ ਸੰਸਦ ਦੇ ਬਜਟ ਇਜਲਾਸ ਦੀ ਸ਼ੁਰੂਆਤ ਮੌਕੇ ਭਾਰਤ ਦੇ ਰਾਸ਼ਟਰਪਤੀ ਦੇ ਭਾਸ਼ਣ, ਜਿਸ ਤੋਂ ਕਿ ਕੇਂਦਰ ਸਰਕਾਰ ਦੀ ਨੀਤੀ ਅਤੇ ਦਿਸ਼ਾ ਦਾ ਪਤਾ ਲਗੱਦਾ ਹੈ, ਨੂੰ ਦੇਸ਼ ਦੇ ਅਸਲ ਮੁੱਦਿਆਂ ਤੇ ਮੌਨ ਦੱਸਦਿਆਂ ਕਿਹਾ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ, ਗਰੀਬਾਂ ਅਤੇ ਛੋਟੇ ਵਪਾਰੀਆਂ ਦੇ ਮੁੱਦਿਆਂ ਦੇ ਲਈ ਗੰਭੀਰ ਨਹੀਂ ਹੈ।
ਅੱਜ ਇੱਥੇ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਆਖਿਆ ਕਿ ਇਸ ਭਾਸ਼ਣ ਤੋਂ ਕੇਂਦਰ ਸਰਕਾਰ ਦੇ ਨਕਾਰਾਤਮਕ ਰੁੱਖ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਪਤਾ ਚਲਦਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਆਮ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਦਾ ਕਿਸਾਨ ਇਸ ਸਮੇਂ ਗੰਭੀਰ ਸੰਕਟ ਵਿਚੋਂ ਗੁਜਰ ਰਿਹਾ ਹੈ। ਫਸਲਾਂ ਦੇ ਲਾਗਤ ਮੁੱਲ ਲਗਾਤਾਰ ਵੱਧ ਰਹੇ ਹਨ ਜਦ ਕਿ ਕਿਸਾਨਾਂ ਨੂੰੂ ਉਨਾਂ ਦੀ ਉਪਜ ਦਾ ਪੂਰਾ ਮੁੱਲ ਨਹੀਂ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸਬਜਬਾਗ ਵਿਖਾਇਆ ਹੈ ਪਰ ਸਰਕਾਰ ਦੇ ਅੱਜ ਦੇ ਰੁੱਖ ਤੋਂ ਨਹੀਂ ਜਾਪਦਾ ਹੈ ਕਿ ਸਰਕਾਰ ਇਸ ਦਾਅਵੇ ਨੂੰ ਸੱਚ ਕਰਨ ਲਈ ਗੰਭੀਰ ਹੋਵੇ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸ਼ਿਰਫ ਭਾਸ਼ਣਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਣੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਕੁਝ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਕਿਸਾਨੀ ਕਰਜੇ ਦੇ ਨਿਪਟਾਰੇ ਲਈ ਕੇਂਦਰ ਸਰਕਾਰ ਰਾਜਾਂ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਹੈ।
ਇਸੇ ਤਰਾਂ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਅਤੇ ਰੁਜਗਾਰ ਲਈ ਕੋਈ ਉਪਰਾਲਾ ਨਾ ਕਰਨ ਦੀ ਨਿੰਦਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਦੇ ਭਾਸ਼ਣ ਤੋਂ ਨੌਜਵਾਨਾਂ ਦੇ ਰੁਜਗਾਰ ਲਈ ਕੇਂਦਰ ਦੀ ਕੋਈ ਨੀਤੀ ਨਹੀਂ ਝਲਕਦੀ ਹੈ। ਉਨਾਂ ਨੇ ਕਿਹਾ ਕਿ ਬੇਰੁਜਗਾਰੀ ਵਿਚੋਂ ਹੀ ਹੋਰ ਕਈ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਉਪਜਦੀਆਂ ਹਨ ਪਰ ਕੇਂਦਰ ਸਰਕਾਰ ਇੰਨਾਂ ਦੀ ਜੜ ਵਿਚ ਜਾ ਕੇ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਕੁਝ ਨਹੀਂ ਕਰ ਰਹੀ ਹੈ।
ਜਾਖੜ ਨੇ ਕਿਹਾ ਕਿ ਗਰੀਬਾਂ ਦੇ ਨਾਂਅ ਤੇ ਪ੍ਰਧਾਨ ਮੰਤਰੀ ਹਰ ਮੰਚ ਤੇ ਰਾਜਨੀਤੀ ਕਰਦੇ ਹਨ ਪਰ ਅਸਲ ਵਿਚ ਗਰੀਬਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਨਹੀਂ ਪੁੱਜ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਕੇਂਦਰ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ ਅਤੇ ਕੇਵਲ ਵੱਡੇ ਉਦਯੋਗਿਕ ਘਰਾਣਿਆ ਦਾ ਪੱਖ ਪੁਰਿਆ ਜਾ ਰਿਹਾ ਹੈ।
ਜਾਖੜ ਨੇ ਕਿਹਾ ਕਿ ਇਸ ਭਾਸ਼ਣ ਵਿਚ ਜੀਐਸਟੀ ਦੇ ਸਰਲੀਕਰਨ ਦਾ ਵੀ ਕੋਈ ਰੋਡਮੈਪ ਨਹੀਂ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਛੋਟਾ ਵਪਾਰੀ ਜੀ.ਐਸ.ਟੀ. ਤੋਂ ਪੀੜਤ ਹੈ ਅਤੇ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਵਲੋਂ ਛੋਟੇ ਵਪਾਰੀਆਂ ਦੀਆਂ ਮੁਸਕਿਲਾਂ ਦੇ ਹੱਲ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਾਲੇ ਵੀ ਭਾਜਪਾ ਦੀ ਕੇਂਦਰ ਸਰਕਾਰ ਸਦਮੇ ਵਿਚ ਹੈ ਅਤੇ ਗੁਜਰਾਤ ਦੇ ਲੋਕਾਂ ਵੱਲੋਂ ਵਿਖਾਏ ਸੀਸ਼ੇ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਉਨਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੀ ਗੱਲਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਆਮ ਲੋਕਾਂ ਤੱਕ ਇਸ ਦਾ ਲਾਭ ਨਹੀਂ ਪੁੱਜ ਰਿਹਾ ਹੈ।
ਇਸੇ ਤਰਾਂ ਸਰਹੱਦੀ ਖੇਤਰਾਂ ਦੇ ਉਦਯੋਗਿਕ ਵਿਕਾਸ ਅਤੇ ਬਾਰਡਰ ਏਰੀਆ ਦੀਆਂ ਹੋਰ ਮੁਸਕਿਲਾਂ ਬਾਰੇ ਵੀ ਕੇਂਦਰ ਸਰਕਾਰ ਦੀ ਚੁੱਪੀ ਲਈ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇੰਨਾਂ ਖੇਤਰਾਂ ਦੇ ਲੋਕ ਸੁਰੱਖਿਆ ਏਂਜਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ ਪਰ ਕੇਂਦਰ ਸਰਕਾਰ ਨੂੰ ਇੰਨਾਂ ਲੋਕਾਂ ਦੇ ਹਿੱਤਾਂ ਦੀ ਉਕਾ ਹੀ ਪ੍ਰਵਾਹ ਨਹੀਂ ਹੈ। ਉਨਾਂ ਨੇ ਕਿਹਾ ਕਿ ਦੇਸ਼ ਦਾ ਅਵਾਮ ਹੁਣ ਬੇਸਬਰੀ ਨਾਲ 2019 ਦੀਆਂ ਆਮ ਚੋਣਾਂ ਦੀ ਇੰਤਜਾਰ ਕਰ ਰਿਹਾ ਹੈ ਤਾਂ ਜੋ ਭਾਜਪਾ ਦੇ ਇਸ ਕਿਸਾਨ ਅਤੇ ਗਰੀਬ ਵਿਰੋਧੀ ਸਾਸਣ ਦਾ ਉਹ ਅੰਤ ਕਰ ਸਕੇ।