Home / World / Punjabi News / ਰਾਜਨੀਤੀ ਤੋਂ ਸੰਨਿਆਸ ਲੈਣਗੇ ਬਾਦਲ ਤਾਂ ਹੋਣਗੇ ਪਾਪ ਮੁਆਫ : ਦਾਦੂਵਾਲ

ਰਾਜਨੀਤੀ ਤੋਂ ਸੰਨਿਆਸ ਲੈਣਗੇ ਬਾਦਲ ਤਾਂ ਹੋਣਗੇ ਪਾਪ ਮੁਆਫ : ਦਾਦੂਵਾਲ

ਜੈਤੋ : ਸਰਬੱਤ ਖਾਲਸਾ ਜਥੇਦਾਰਾਂ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦਾਣਾ ਮੰਡੀ ‘ਚ ਇਨਸਾਫ ਮੋਰਚਾ 191ਵੇਂ ਦਿਨ ਲਗਾਤਾਰ ਜਾਰੀ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲਾਂ ਨੇ ਸੱਤਾ ਦੀ ਲਾਲਸਾ ਨੂੰ ਪੂਰਾ ਕਰਨ ਲਈ ਬਹੁਤ ਪਾਪ ਕੀਤੇ ਹਨ। ਇਸ ਲਈ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਅੱਗੇ ਅਣਜਾਨੇ ‘ਚ ਹੋਈਆਂ ਭੁੱਲਾਂ ਦੀ ਮੁਆਫੀ ਮਿਲਦੀ ਹੈ ਨਾ ਕਿ ਜਾਣਬੁੱਝ ਕੇ ਕੀਤੇ ਗਏ ਪਾਪਾਂ ਦੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦੇਵੇ ਤਾਂ ਸਿੱਖ ਪੰਥ ਇਨ੍ਹਾਂ ਨੂੰ ਮੁਆਫੀ ਦੇਣ ਬਾਰੇ ਸੋਚ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇਨਸਾਫ ਮੋਰਚੇ ਤੋਂ ਡਰਦੇ ਹੋਏ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਹਨ ਤੇ ਸੁਖਬੀਰ ਬਾਦਲ ਡਰਦਾ ਮਾਰਿਆ ਸਪੋਰਟਸ ਦੀਆਂ ਜੁੱਤੀਆਂ ਹੀ ਪਾਲਸ਼ ਕਰੀ ਗਿਆ। ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲਾਂ ਦਾ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਡਰਾਮੇਬਾਜ਼ੀ ਹੈ।
ਇਸ ਉਪਰੰਤ ਉਨ੍ਹਾਂ ਕਿਹਾ ਕਿ ਐਤਵਾਰ 9 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਸਰਕਾਰ ਦੇ ਮੰਤਰੀਆਂ ਦਾ ਇਕ ਵਫਦ ਇਨਸਾਫ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਬਰਗਾੜੀ ਆ ਰਿਹਾ ਹੈ ਤੇ ਜੇਕਰ ਇਸ ਦਿਨ ਜਾਇਜ ਢੰਗ ਨਾਲ ਮੋਰਚੇ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਤਾਂ ਇਨਸਾਫ ਮੋਰਚੇ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨਸਾਫ ਮੋਰਚਾ ਤਦ ਤੱਕ ਨਿਰੰਤਰ ਜਾਰੀ ਰਹੇਗਾ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ।
ਇਸ ਦੌਰਾਨ ਉਨ੍ਹਾਂ ਨੇ ਬੇਨਤੀ ਕੀਤੀ ਕਿ ਸੰਗਤ ਇਸੇ ਤਰ੍ਹਾਂ ਹਰ ਰੋਜ਼ ਇਨਸਾਫ ਮੋਰਚੇ ‘ਚ ਆਪਣੀ ਹਾਜ਼ਰੀ ਭਰੇ ਤਾਂ ਜੋ ਗੁੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਇਨਸਾਫ ਦੀ ਗੁਹਾਰ ਪੁੱਜ ਸਕੇ। ਇਸ ਮੌਕੇ ਬਾਬਾ ਰਾਜਾ ਰਾਜ ਸਿੰਘ ਮਾਲਵਾ ਤਰਨਾ ਦਲ, ਬਾਬਾ ਮੋਹਨ ਦਾਸ ਬਰਗਾੜੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੱਥੇਦਾਰ ਸੰਤੋਖ ਸਿੰਘ ਖਿੰਡਾ ਪਾਤੜਾਂ, ਬਾਬਾ ਬੇਅੰਤ ਸਿੰਘ ਲੰਗਰਾਂ ਵਾਲ ਤੇ ਠਾਕੁਰ ਦਲੀਪ ਸਿੰਘ ਸੰਪ੍ਰਦਾਇ ਦਾ ਜੱਥਾ ਹਾਜ਼ਰ ਸਨ।

Check Also

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ— ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ …

WP Facebook Auto Publish Powered By : XYZScripts.com