ਨਵੀਂ ਦਿੱਲੀ, 28 ਫਰਵਰੀ
ਸਿਹਤ ਮੰਤਰਾਲੇ ਨੇ ਯੂਕਰੇਨ ਤੋਂ ਵਾਪਸ ਦੇਸ਼ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ, ਕੋਵਿਡ ਟੀਕਾਕਰਨ ਸਰਟੀਫਿਕੇਟ ਮੁਹੱਈਆ ਕਰਵਾਉਣ ਤੇ ਇਸ ਨੂੰ ੲੇਅਰ ਸੁਵਿਧਾ ਪੋਰਟਲ ‘ਤੇ ਅਪਲੋਡ ਕਰਨ ਜਿਹੇ ਨੇਮਾਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਯਾਤਰਾ ਦਿਸ਼ਾ ਨਿਰਦੇਸ਼ਾਂ ਨੂੰ ਨਵਿਆਇਆ ਗਿਆ ਹੈ ਅਤੇ ਇਨਸਾਨੀਅਤ ਦੇ ਆਧਾਰ ‘ਤੇ ਯੂਕਰੇਨ ਤੋਂ ਆਉਣ ਵਾਲਿਆਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ ਹਨ। ਸਰਕਾਰ ਮੁਤਾਬਕ 28 ਫਰਵਰੀ ਤੱਕ ਯੂਕਰੇਨ ਤੋਂ 1156 ਭਾਰਤੀਆਂ ਨੂੰ ਲੈ ਕੇ ਪੰਜ ਉਡਾਣਾਂ ਦੇਸ਼ ਵਿਚ ਪੁੱਜੀਆਂ ਹਨ ਤੇ ਇਨ੍ਹਾਂ ਵਿਚੋਂ ਕਿਸੇ ਵੀ ਮੁਸਾਫ਼ਰ ਨੂੰ ਇਕਾਂਤਵਾਸ ਵਿੱਚ ਨਹੀਂ ਰੱਖਿਆ ਗਿਆ। ਇਨ੍ਹਾਂ ਪੰਜ ਉਡਾਣਾਂ ‘ਚੋਂ ਇਕ ਮੁੰਬਈ ਤੇ ਬਾਕੀ ਦਿੱਲੀ ਉਤਰੀਆਂ ਹਨ। ਉਂਜ ਇਨ੍ਹਾਂ ਯਾਤਰੀਆਂ ਨੂੰ ਅਗਲੇ ਦੋ ਹਫ਼ਤਿਆਂ ਤੱਕ ਆਪਣੀ ਸਿਹਤ ਦੀ ਖੁ਼ਦ ਨਿਗਰਾਨੀ ਕਰਨ ਲਈ ਜ਼ਰੂਰ ਕਿਹਾ ਗਿਆ ਹੈ। ਕੋਵਿਡ ਲਈ ਪਾਜ਼ੇਟਿਵ ਨਿਕਲਣ ਦੀ ਸੂਰਤ ‘ਚ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ
Source link