ਮੱਧ ਪ੍ਰਦੇਸ਼ ਹਾਈ ਕੋਰਟ ਨੇ ਸੈਨਾ ਦੀ ਅਧਿਕਾਰੀ ਕਰਨਲ ਸੋਫ਼ੀਆ ਕੁਰੈਸ਼ੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਸੂਬੇ ਦੇ ਮੰਤਰੀ ਵਿਜੈ ਸ਼ਾਹ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ।ਕਰਨਲ ਕੁਰੈਸ਼ੀ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਦਾ ਵੇਰਵਾ ਮੀਡੀਆ ਕਾਨਫਰੰਸ ਦੌਰਾਨ ਸਾਂਝਾ ਕੀਤਾ ਸੀ, ਜਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸ਼ਾਹ ਵੀ ਸ਼ਾਮਲ ਹੋਏ ਸੀ।ਮੱਧ ਪ੍ਰਦੇਸ਼ ਸਰਕਾਰ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰੀ ਅਤੇ ਭਾਜਪਾ ਨੇਤਾ ਵਿਜੈ ਸ਼ਾਹ ਨੇੇ ਕਰਨਲ ਕੁਰੈਸ਼ੀ ’ਤੇ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਨੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਕਰਨਲ ਕੁਰੈਸ਼ੀ ਨੂੰ ‘ਅਤਿਵਾਦੀਆਂ ਦੀ ਭੈਣ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ।ਵਿਵਾਦਤ ਬਿਆਨ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਦੇ ਜਸਟਿਸ ਅਤੁਲ ਸ੍ਰੀਧਰਨ ਅਤੇ ਅਨੁਰਾਧਾ ਸ਼ੁਕਲਾ ਦੇ ਬੈਂਚ ਨੇ ਪੁਲੀਸ ਨੂੰ ਮੰਤਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ।ਅਦਾਲਤ ਨੇ ਪੁਲੀਸ ਵਿਭਾਗ ਨੂੰ ਅੱਜ ਸ਼ਾਮ ਤੱਕ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਕਿਹਾ ਕਿ ਐੱਫਆਈਆਰ ਦਰਜ ਹੋਣ ਬਾਰੇ ਅਦਾਲਤ ਨੂੰ ਸੂਚਿਤ ਕੀਤਾ ਜਾਵੇ।ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਸਵੇਰੇ 10:30 ਵਜੇ ਨਿਰਧਾਰਿਤ ਕੀਤੀ ਗਈ ਹੈ।
Source link