ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਮੋਗਾ ਪੁਲੀਸ ਤੇ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਸਾਂਝੇ ਅਪਰੇਸ਼ਨ ਵਿਚ ਗੈਂਗਸਟਰ ਤੇ ਨਾਮੀ ਸ਼ੂਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਡੱਲੇਵਾਲੀਆ ਨੂੰ ਇਥੇ ਬੀਤੇ ਮਹੀਨੇ ਦੀ 16 ਜੁਲਾਈ ਨੂੰ ਬਜ਼ੁਰਗ ਦੀ ਘਰ ਅੰਦਰ ਵੜ੍ਹਕੇ ਗੋਲੀ ਨਾਲ ਹੱਤਿਆ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਅਤੇ ਏਆਈਜੀ ਏਜੀਟੀਐੱਫ ਸੰਦੀਪ ਗੋਇਲ ਦੀ ਸਮੁੱਚੀ ਨਿਗਰਾਨੀ ਹੇਠ ਟੀਮ ਨੇ ਮੋਗਾ ਪੁਲੀਸ ਨਾਲ ਮਿਲ ਕੇ ਗੋਪੀ ਡੱਲੇਵਾਲੀਆ ਨੂੰ ਜਲੰਧਰ ਦੇ ਮਹਿਤਪੁਰ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਖ਼ਿਲਾਫ਼ ਵੱਡੀ ਗਿਣਤੀ ਵਿਚ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਨੂੰ 2016 ਵਿੱਚ ਗੁਰਾਇਆ ਵਿਖੇ ਕਤਲ ਕੇਸ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਗੋਪੀ ਡੱਲੇਵਾਲੀਆ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਹੈ ਅਤੇ ਗੋਰੂ ਬੱਚਾ ਗੈਂਗ ਦਾ ਮੈਂਬਰ ਹੈ। ਪੁਲੀਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਭਗੌੜੇ ਮੁਲਜ਼ਮ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅਸਲਾ ਐਕਟ ਤਹਿਤ ਵੱਖ ਵੱਖ ਥਾਵਾਂ ਉੱਤੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
The post ਮੋਗਾ ’ਚ ਬਜ਼ੁਰਗ ਦੀ ਹੱਤਿਆ ਮਾਮਲੇ ’ਚ ਗੈਂਗਸਟਰ ਤੇ ਸ਼ੂਟਰ ਗੋਪੀ ਡੱਲੇਵਾਲੀਆ ਗ੍ਰਿਫ਼ਤਾਰ appeared first on punjabitribuneonline.com.
Source link