
ਮੁਜ਼ੱਫਰਨਗਰ — ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ 2013 ਦੇ ਦੰਗਾ ਮਾਮਲੇ ਵਿਚ ਇਕ ਸਥਾਨਕ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 12 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਸੰਜੀਵ ਕੁਮਾਰ ਤਿਵਾੜੀ ਨੇ ਮੰਗਲਵਾਰ ਨੂੰ ਦੰਗਾ ਮਾਮਲੇ ‘ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 395 ਅਤੇ 436 ਅਨੁਸਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਲੋਕਾਂ ‘ਤੇ ਦੋਸ਼ ਸੀ ਕਿ 7 ਸਤੰਬਰ 2013 ਨੂੰ ਜ਼ਿਲੇ ਦੇ ਲਿਸਾਢ ਪਿੰਡ ਵਿਚ ਦੰਗਿਆਂ ਦੌਰਾਨ ਭੀੜ ਨੇ ਘਰਾਂ ਨੂੰ ਅੱਗ ਲਾ ਦਿੱਤੀ ਅਤੇ ਲੁੱਟ-ਖੋਹ ਕੀਤੀ ਸੀ।
ਇਸਤਗਾਸਾ ਪੱਖ ਮੁਤਾਬਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਨੇ 13 ਲੋਕਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਸੀ। ਇਸ ਮਾਮਲੇ ਦੇ ਪੈਂਡਿੰਗ ਰਹਿਣ ਦੌਰਾਨ ਇਕ ਦੋਸ਼ੀ ਵਿਅਕਤੀ ਦੀ ਮੌਤ ਹੋ ਗਈ ਸੀ। ਸੁਣਵਾਈ ਦੌਰਾਨ ਸ਼ਿਕਾਇਤਕਰਤਾ ਮੁਹੰਮਦ ਸੁਲੇਮਾਨ ਸਮੇਤ 3 ਗਵਾਹ ਮੁਕਰ ਗਏ ਅਤੇ ਉਨ੍ਹਾਂ ਨੇ ਇਸਤਗਾਸਾ ਦਾ ਸਾਥ ਨਹੀਂ ਦਿੱਤਾ।