
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਲਾਲਾਬਾਦ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਪਰਦੇ ਪਿੱਛੇ ਛੁਪੇ ਰਹਿਣ ਦੀ ਆਪਣੀ ਪੁਰਾਣੀ ਆਦਤ ਨੂੰ ਹੁਣ ਤਿਆਗ ਦੇਵੇ। ਇੱਥੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਤਾਂ ਬਣਨਾ ਚਾਹੁੰਦਾ ਹੈ ਪਰ ਉਹ ਖੁਦ ਚੋਣਾਂ ਲੜਨ ਤੋਂ ਭੱਜ ਰਿਹਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ, ”ਤੁਸੀਂ ਮੇਰੇ ਵਿਰੁੱਧ ਜਲਾਲਾਬਾਦ ਤੋਂ ਚੋਣ ਲੜ ਕੇ ਆਪਣੀ ਲੋਕਪ੍ਰਿਯਤਾ ਟੈਸਟ ਕਰ ਸਕਦੇ ਹੋ। ਤੁਸੀਂ ਆਪਣੀ ਪੰਜਾਬ ਦੀ ਮੌਜੂਦਾ ਫੇਰੀ ਦੌਰਾਨ ਹੀ ਇਹ ਐਲਾਨ ਕਿਉਂ ਨਹੀਂ ਕਰਦੇ? ਲੋਕਾਂ ਨੂੰ ਆਪਣੀ ਦਲੇਰੀ ਦਿਖਾਓ।” ਬਾਦਲ ਨੇ ਕਿਹਾ ਕਿ ,” ਮਾਨ ਸਮੇਤ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਲਾਲਾਬਾਦ ਤੋਂ ਚੋਣ ਲੜਨ ਲਈ ਧੱਕਣਾ ਮਾਨ ਦੇ ਸਿਆਸੀ ਜੀਵਨ ਨੂੰ ਤਬਾਹ ਕਰਨ ਦੀ ਚਾਲ ਹੈ।