
ਭੋਪਾਲ- ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਤੋਂ ਅੱਜ ਭਾਵ ਸ਼ਨੀਵਾਰ ਨੂੰ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਨੇ ਨਾਮਜ਼ਦਗੀ ਪੱਤਰ ਭਰਿਆ। ਸ਼੍ਰੀ ਸਿੰਘ ਸਥਾਨਿਕ ਜ਼ਿਲਾ ਚੋਣ ਅਫਸਰ ਦਫਤਰ ਪਹੁੰਚੇ ਅਤੇ ਆਪਣਾ ਨਾਮਜ਼ਦਗੀ ਪੱਤਰ ਭਰਿਆ। ਸ਼੍ਰੀ ਸਿੰਘ ਕਾਫੀ ਸਾਰੇ ਸਮਰੱਥਕਾਂ ਨਾਲ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਪਹੁੰਚੇ। ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਰਾਓ ਸਿੰਘ, ਪੁੱਤਰ ਅਤੇ ਕੈਬਨਿਟ ਮੰਤਰੀ ਜੈਵਰਧਨ ਸਿੰਘ ਦੇ ਨਾਲ ਸ਼੍ਰੀ ਸਿੰਘ ਦਾ ਛੋਟਾ ਭਰਾ ਕਾਂਗਰਸ ਵਿਧਾਇਕ ਲਕਸ਼ਣ ਸਿੰਘ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਗੁਰੂ ਸ਼ੰਕਰਾਚਾਰੀਆਂ ਸਵਰੂਪਨੰਦ ਸਰਸਵਤੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਸਿੰਘ ਨੇ ਇਸ ਤੋਂ ਪਹਿਲਾਂ ਸਵੇਰੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਅੱਜ ਭੋਪਾਲ ਸੰਸਦੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਉਨ੍ਹਾਂ ਨੇ ਭੋਪਾਲ ਦੇ ਲੋਕਾਂ ਤੋਂ ਇੱਥੋ ਦੇ ਵਿਕਾਸ ਲਈ ਸਮਰਥਨ ਮੰਗਿਆ।
ਦੱਸਿਆ ਜਾਂਦਾ ਹੈ ਕਿ ਭੋਪਾਲ ਸੰਸਦੀ ਸੀਟ ‘ਤੇ 12 ਮਈ ਨੂੰ ਚੋਣਾਂ ਹੋਣਗੀਆਂ। ਇਸ ਸੀਟ ‘ਤੇ 23 ਅਪ੍ਰੈਲ ਤੱਕ ਨਾਮਜ਼ਦਗੀ ਪੱਤਰ ਜਮਾਂ ਕੀਤੇ ਜਾ ਸਕਦੇ ਹਨ। ਭਾਰਤੀ ਜਨਤਾ ਪਾਰਟੀ ਨੇ ਇੱਥੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।