
ਰਵਾਂਡਾ,— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਰਵਾਂਡਾ ਪੁੱਜੇ ਹਨ। ਇੱਥੇ ਅੱਜ ਉਨ੍ਹਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਵਪਾਰ ਤੇ ਖੇਤੀਬਾੜੀ ਦੇ ਖੇਤਰ ‘ਚ ਸਹਿਯੋਗ ਮਜ਼ਬੂਤ ਕਰਨ ਦੀਆਂ ਯੋਜਨਾਵਾਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਲਈ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦਾ ਜਹਾਜ਼ ਸੋਮਵਾਰ ਸ਼ਾਮ ਨੂੰ ਰਾਜਧਾਨੀ ਕਿਗਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਿਆ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਵਿਆਪਕ ਗੱਲਬਾਤ ਕੀਤੀ ਤੇ ਵਪਾਰ ਅਤੇ ਖੇਤੀ ਖੇਤਰ ‘ਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਅ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਕਾਗਮੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਛੇਤੀ ਹੀ ਇੱਥੇ ਆਪਣਾ ਹਾਈ ਕਮਿਸ਼ਨ ਖੋਲ੍ਹੇਗਾ। ਦੋਵੇਂ ਦੇਸ਼ਾਂ ਨੇ ਚਮੜੇ ਅਤੇ ਖੇਤੀ ਖੇਤਰ ਸਬੰਧੀ ਦੋ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਮੋਦੀ ਰਾਸ਼ਟਰਪਤੀ ਕਾਗਮੇ ਨੂੰ ਸਮਾਜਿਕ ਯੋਜਨਾ ‘ਚ ਮਦਦ ਦੇ ਤੌਰ ‘ਤੇ ਤੋਹਫ਼ੇ ‘ਚ 200 ਗਊਆਂ ਦੇਣਗੇ। ਹਾਲਾਂਕਿ ਇਨ੍ਹਾਂ ਗਊਆਂ ਨੂੰ ਰਵਾਂਡਾ ਤੋਂ ਹੀ ਖਰੀਦਿਆ ਜਾਵੇਗਾ।