
ਬੀਜਿੰਗ : ਚੀਨ ਦੇ ਸਰਕਾਰੀ ਮੀਡੀਆ ਦਾ ਮੰਨਣਾ ਹੈ ਕਿ ਭਾਰਤ ‘ਚ ਨਿਵੇਸ਼ ਕਰਨ ਵਾਲੀਆਂ ਚੀਨ ਦੀਆਂ ਕੰਪਨੀਆਂ ‘ਚ ਉਤਸੁਕਤਾ ਨੂੰ ਕੁਝ ਜ਼ਿਆਦਾ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਭਾਰਤ ਦੇ ਨਿਰਮਾਣ ਖੇਤਰ ਦੀ ਤੇਜ਼ ਰਫਤਾਰ ਨਾਲ ਨਿਵੇਸ਼ਕ ਮੋਟਾ ਮੁਨਾਫਾ ਕਮਾ ਸਕਦੇ ਹਨ ਅਤੇ ਉੱਥੋਂ ਦੂਰ ਰਹਿਣਾ ਇਕ ਨਾਸਮਝੀ ਵਾਲਾ ਫੈਸਲਾ ਹੋਵੇਗਾ। ਭਾਰਤੀ ਬਾਜ਼ਾਰ ਤੋਂ ਦੂਰੀ ਬਣਾਉਣਾ ਚੀਨ ਲਈ ਨੁਕਸਾਨਦੇਹ ਹੋਵੇਗਾ।
ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਦੇ ਨਿਰਮਾਣ ਖੇਤਰ ਦੀ ਤੇਜ਼ੀ ‘ਚ ਅਜੇ ਚੀਨ ਦੀ ਪੂੰਜੀ ਦਾ ਮਾਮੂਲੀ ਯੋਗਦਾਨ ਹੈ। ਇਸ ਦੇ ਨਾਲ ਹੀ, ਇਹ ਵੀ ਕਿਹਾ ਗਿਆ ਹੈ ਕਿ ਭਵਿੱਖ ‘ਚ ਭਾਰਤੀ ਬਾਜ਼ਾਰ ਮੋਟਾ ਮੁਨਾਫਾ ਕਮਾਏਗਾ, ਜੋ ਸਾਰੇ ਪੱਖਾਂ ਲਈ ਲਾਭ ਦੀ ਸਥਿਤੀ ਹੋਵੇਗੀ। ਚੀਨ ਕੋਲ ਭਾਰਤ ਦੇ ਨਿਰਮਾਣ ਵਿਕਾਸ ਨੂੰ ਸੀਮਤ ਕਰਨ ਦੀ ਸਮਰੱਥਾ ਨਹੀਂ ਹੈ। ਚੀਨ ਸਿਰਫ ਚਾਈਨਿਜ਼ ਨਿਵੇਸ਼ ਨੂੰ ਭਾਰਤ ਦੇ ਵਿਕਾਸ ‘ਚ ਸ਼ਾਮਲ ਹੋਣ ਤੋਂ ਰੋਕ ਸਕਦਾ ਹੈ, ਜੋ ਕਿ ਇਕ ਗਲਤ ਫੈਸਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਭਾਰਤ ‘ਚ ਲੋਕਾਂ ਵੱਲੋਂ ਚੀਨੀ ਸਮਾਨ ਦੇ ਬਾਈਕਾਟ ਦੀ ਚਲਾਈ ਜਾ ਰਹੀ ਮੁਹਿੰਮ ‘ਤੇ ਚੀਨ ਨੇ ਭਾਰਤ ‘ਚ ਨਿਵੇਸ਼ ਘੱਟ ਜਾਣ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਚੀਨ ਦੇ ਸਰਕਾਰੀ ਅਖਬਾਰ ਨੇ ਇਹ ਲੇਖ ਛਾਪਿਆ ਹੈ। ਲੋਕਾਂ ਵੱਲੋਂ ਚਲਾਈ ਜਾ ਰਹੀ ਬਾਈਕਾਟ ਦੀ ਮੁਹਿੰਮ ਕਾਰਨ ਇਸ ਦੀਵਾਲੀ ‘ਤੇ ਚੀਨੀ ਪਟਾਕੇ ਅਤੇ ਲਾਈਟਾਂ ਦੀ ਰੌਸ਼ਨੀ ਬਹੁਤ ਘੱਟ ਰਹੇਗੀ। ਜਿਸ ਦੇ ਮੱਦੇਨਜ਼ਰ ਆਉਣ ਵਾਲੇ ਸਾਲ ‘ਚ ਵਪਾਰੀ ਚੀਨੀ ਸਮਾਨ ਦੇ ਨਵੇਂ ਆਰਡਰ ਦੇਣ ਤੋਂ ਵੀ ਪਰਹੇਜ਼ ਕਰਨਗੇ।