Home / Punjabi News / ਪੰਜਾਬ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਕੇਂਦਰਤ ਕਰੇ, ਅਰੂਸਾ ਆਲਮ ਪੰਜਾਬ ਦਾ ਮਾਮਲਾ ਨਹੀਂ, ਇਸਨੂੰ ਮੁੱਦਾ ਨਾ ਬਣਾਇਆ ਜਾਵੇ

ਪੰਜਾਬ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਕੇਂਦਰਤ ਕਰੇ, ਅਰੂਸਾ ਆਲਮ ਪੰਜਾਬ ਦਾ ਮਾਮਲਾ ਨਹੀਂ, ਇਸਨੂੰ ਮੁੱਦਾ ਨਾ ਬਣਾਇਆ ਜਾਵੇ

ਬਲਵਿੰਦਰ ਸਿੰਘ ਭੁੱਲਰ
ਪੰਜਾਬ ਦਾ ਮੁੱਦਾ ਅੱਜ ਕਿਸਾਨੀ ਮਸਲਾ ਹੈ, ਬੇਅਦਬੀਆਂ ਦਾ ਮਾਮਲਾ ਹੈ, ਬੇਰੁਜਗਾਰੀ, ਮਹਿੰਗਾਈ, ਮੁਲਾਜਮਾਂ ਨੂੰ ਪੱਕੇ ਕਰਨਾ, ਗਰੀਬ ਮਜਦੂਰਾਂ ਲਈ ਘਰ ਤੇ ਨਿੱਤ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਨਾ, ਸਿੱਖਿਆ ਤੇ ਸਿਹਤ ਸਹੂਲਤਾਂ ਹਨ, ਅਰੂਸਾ ਆਲਮ ਪੰਜਾਬ ਰਾਜ ਦਾ ਮੁੱਦਾ ਨਹੀਂ ਹੈ। ਪਰ ਅੱਜ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਬਣਾਇਆ ਤੇ ਪ੍ਰਚਾਰਿਆ ਜਾ ਰਿਹਾ ਹੈ।
ਸੁਆਲ ਉੱਠਦਾ ਹੈ ਕਿ ਅਰੂਸਾ ਆਲਮ ਕੁਝ ਦਿਨਾਂ ਜਾਂ ਮਹੀਨਿਆਂ ਤੋਂ ਪੰਜਾਬ ਆ ਕੇ ਨਹੀਂ ਰਹਿਣ ਲੱਗੀ ਸੀ, ਉਸਨੂੰ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਕੋਲ ਰਹਿੰਦਿਆਂ। ਉਹ ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਹੀ ਭਾਰਤ ਆਉਂਦੀ ਰਹੀ ਹੈ। ਹੁਣ ਅਰੂਸਾ ਆਲਮ ਨੂੰ ਆਈ ਐਸ ਆਈ ਦੀ ਏਜੰਟ ਕਿਹਾ ਜਾ ਰਿਹਾ ਹੈ, ਜੇਕਰ ਸਰਕਾਰਾਂ ਨੂੰ ਇਸ ਬਾਰੇ ਇਲਮ ਸੀ ਤਾਂ ਉਸਨੂੰ ਭਾਰਤ ਆਉਣ ਦੀ ਪ੍ਰਵਾਨਗੀ ਕਿਉਂ ਦਿੱਤੀ ਜਾਂਦੀ ਰਹੀ ਹੈ। ਨਾ ਕੇਂਦਰ ਦੀ ਭਾਜਪਾ ਸਰਕਾਰ ਨੇ ਉਸਨੂੰ ਰੋਕਿਆ ਅਤੇ ਨਾ ਹੀ ਕਿਸੇ ਵਿਰੋਧੀ ਪਾਰਟੀ ਨੇ ਕਦੇ ਇਤਰਾਜ ਕੀਤਾ, ਇਸੇ ਤਰ੍ਹਾਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਵੀ ਉਹ ਚੰਡੀਗੜ ਰਹੀ ਤੇ ਕਾਂਗਰਸ ਦੀ ਸਰਕਾਰ ਸਮੇਂ ਵੀ। ਹਾਂ! ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਹੁੰਦਾ ਤਾਂ ਅਰੂਸਾ ਆਲਮ ਨੂੰ ਹਊਆ ਬਣਾਉਣ ਦਾ ਯਤਨ ਕੀਤਾ ਜਾਂਦਾ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਨੂੰ ਠੱਲ੍ਹ ਨਾ ਪਾਈ ਜਾ ਸਕਣ ਨੂੰ ਵੇਖਦਿਆਂ ਕੁੱਝ ਸਮਾਂ ਪਹਿਲਾਂ ਉਹਨਾਂ ਦੇ ਕਈ ਮੰਤਰੀਆਂ ਅਤੇ ਦਰਜਨਾਂ ਵਿਧਾਇਕਾਂ ਨੇ ਇਤਰਾਜ ਉਠਾਇਆ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਨਿਰਾਸ਼ ਤੇ ਗੁੱਸੇ ਵਿੱਚ ਹਨ, ਇਸ ਲਈ ਚੋਣਾਂ ਸਮੇਂ ਪਿੰਡਾਂ ਵਿੱਚ ਵੜਣਾ ਮੁਸਕਿਲ ਹੋ ਜਾਵੇਗਾ, ਤੁਰੰਤ ਕੁੱਝ ਕਰਨ ਦੀ ਲੋੜ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੀ ਕੀ ਮਜਬੂਰੀ ਸੀ? ਇਹ ਤਾਂ ਉਹ ਹੀ ਜਾਣਦੇ ਹਨ ਪਰ ਇਹਨਾਂ ਮਾਮਲਿਆਂ ਤੇ ਕੋਈ ਠੋਸ ਕਾਰਵਾਈ ਨਾ ਕੀਤੀ ਗਈ।
ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੇ ਹਾਈਕਮਾਂਡ ਤੇ ਦਬਾਅ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਤੇ ਕਮਾਨ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਕਰ ਦਿੱਤੀ। ਇਸ ਉਪਰੰਤ ਉਮੀਦ ਉਜਾਗਰ ਹੋਈ ਕਿ ਪੰਜਾਬ ਦੇ ਅਸਲ ਮਾਮਲਿਆਂ ਵੱਲ ਧਿਆਨ ਦਿੱਤਾ ਜਾਵੇਗਾ ਤੇ ਹੱਲ ਹੋਵੇਗਾ। ਪੰਜਾਬ ਮੁੱਦਿਆਂ ਤੇ ਸਭ ਤੋਂ ਵੱਧ ਰੌਲਾ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰ: ਨਵਜੋਤ ਸਿੰਘ ਸਿੱਧੂ ਹੀ ਪਾਉਂਦੇ ਰਹੇ ਸਨ ਅਤੇ ਹੁਣ ਉਹਨਾਂ ਦੇ ਕੋਲ ਬਹੁਤ ਤਾਕਤ ਆ ਗਈ ਸੀ, ਸ੍ਰ: ਰੰਧਾਵਾ ਰਾਜ ਦੇ ਗ੍ਰਹਿ ਮੰਤਰੀ ਬਣ ਗਏ ਤੇ ਸ੍ਰ: ਸਿੱਧੂ ਸੂਬਾ ਪ੍ਰਧਾਨ। ਪਰ ਸ੍ਰੀ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਨਸ਼ਿਆਂ, ਬੇਅਦਬੀਆਂ ਆਦਿ ਦੇ ਮਾਮਲਿਆਂ ਤੇ ਸ੍ਰ: ਰੰਧਾਵਾ ਤੇ ਸ੍ਰ: ਸਿੱਧੂ ਨੇ ਚੁੱਪ ਹੀ ਧਾਰ ਲਈ।
ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਸਮਝਦੀ ਸੀ, ਕਿ ਰਾਜ ਦੇ ਲੋਕ ਅਸਲ ਮੁੱਦਿਆਂ ਬਾਰੇ ਸੁਆਲ ਪੁੱਛਣਗੇ। ਇਸ ਲਈ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਪੰਜਾਬ ਵਿੱਚ ਮੁੜ ਅਰੂਸਾ ਆਲਮ ਦਾ ਪ੍ਰਚਾਰ ਕਰਦਿਆਂ ਉਸਨੂੰ ਹੀ ਹਊਆ ਤੇ ਮੁੱਦਾ ਬਣਾਉਣ ਦਾ ਯਤਨ ਕੀਤਾ ਗਿਆ, ਜਦੋਂ ਕਿ ਹੁਣ ਤਾਂ ਕਰੀਬ ਇੱਕ ਸਾਲ ਤੋਂ ਉਹ ਭਾਰਤ ਵਿੱਚ ਆਈ ਹੀ ਨਹੀਂ। ਜਦੋਂ ਉਹ ਪੰਜਾਬ ਵਿੱਚ ਰਿਹਾ ਕਰਦੀ ਸੀ, ਉਦੋਂ ਪੰਜਾਬ ਦੇ ਆਹਲਾ ਪੁਲਿਸ ਤੇ ਸਿਵਲ ਅਫ਼ਸਰ ਉਸ ਨਾਲ ਤਸਵੀਰਾਂ ਲਹਾਉਂਦੇ ਰਹੇ, ਉਸਦੇ ਹੁਕਮਾਂ ਦਾ ਪਾਲਣ ਕਰਦੇ ਰਹੇ। ਸੂਬੇ ਦੇ ਕਈ ਮੰਤਰੀ ਤੇ ਵਿਧਾਇਕ ਉਸ ਮੂਹਰੇ ਡੰਡਾਉਤ ਕਰਦੇ ਰਹਿੰਦੇ, ਪਰ ਹੁਣ ਉਸਨੂੰ ਦੇਸ਼ ਲਈ ਖਤਰਾ ਕਿਹਾ ਜਾਣ ਲੱਗਿਆ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਭਾਜਪਾ ਦੇ ਸਿਰਕੱਢ ਆਗੂਆਂ ਆਦਿ ਨਾਲ ਅਰੂਸਾ ਦੀਆਂ ਤਸਵੀਰਾਂ ਸੋਸਲ ਮੀਡੀਆ ਤੇ ਪੇਸ਼ ਕਰ ਦਿੱਤੀਆਂ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਅਰੂਸਾ ਵਿਰੁੱਧ ਪ੍ਰਚਾਰ ਨੂੰ ਹਵਾ ਦੇਣੀ ਚਾਹੀ ਤਾਂ ਸ੍ਰੀ ਮੁਸਤਫ਼ਾ ਦੀ ਪਤਨੀ ਸ੍ਰੀਮਤੀ ਰਜੀਆ ਸੁਲਤਾਨਾ ਦੀ ਅਰੂਸਾ ਆਲਮ ਨਾਲ ਜੱਫੀ ਪਾ ਕੇ ਖਿਚਵਾਈ ਤਸਵੀਰ ਪੇਸ਼ ਕਰ ਦਿੱਤੀ। ਇਹਨਾਂ ਤਸਵੀਰਾਂ ਬਾਰੇ ਕਿਸੇ ਕੋਲ ਸਪਸ਼ਟ ਜਵਾਬ ਨਹੀਂ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਜੋ ਉਮੀਦਾਂ ਸਨ, ਉਹਨਾਂ ਸਾਢੇ ਚਾਰ ਸਾਲ ਤੱਕ ਪੂਰੀਆਂ ਤਾਂ ਕੀ ਕਰਨੀਆਂ ਸਨ, ਉਹਨਾਂ ਲਈ ਸੇਰ ਚੋਂ ਪੂਣੀ ਵੀ ਨਾ ਕੱਤੀ ਗਈ। ਮੰਤਰੀਆਂ ਵਿਧਾਇਕਾਂ ਦੇ ਕਹਿਣ ਤੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਲੋਕਾਂ ਨੂੰ ਸ੍ਰ: ਚੰਨੀ ਦੀ ਅਗਵਾਈ ਵਿੱਚ ਸੱਤਾ ਸੰਭਾਲਣ ਤੇ ਪੰਜਾਬ ਦੇ ਅਸਲ ਮੁੱਦਿਆਂ ਦੇ ਹੱਲ ਦੀ ਉਮੀਦ ਬੱਝੀ। ਸ੍ਰ: ਚੰਨੀ ਨੇ ਮੁਲਾਜਮਾਂ ਨਾਲ ਗੱਲਬਾਤ ਤੋਰ ਕੇ, ਦੇਸ਼ ਲਈ ਸਹੀਦ ਹੋਣ ਵਾਲੇ ਜਵਾਨਾਂ ਦੀ ਅਰਥੀ ਨੂੰ ਮੋਢਾ ਦੇ ਕੇ, ਗਰੀਬਾਂ ਮਜਦੂਰਾਂ ਦੀ ਬਿਹਤਰੀ ਲਈ ਕੁੱਝ ਐਲਾਨ ਕਰਕੇ ਪੰਜਾਬ ਵਾਸੀਆਂ ਦਾ ਦਿਲ ਧਰਾਇਆ। ਅਠਾਰਾਂ ਨੁਕਾਤੀ ਪ੍ਰੋਗਰਾਮ ਦਾ ਪ੍ਰਚਾਰ ਅਰੰਭਿਆ ਗਿਆ। ਭਾਵੇਂ ਕਿ ਬੇਅਦਬੀ ਮਾਮਲਿਆਂ ਆਦਿ ਬਾਰੇ ਏਨੇ ਥੋੜੇ ਸਮੇਂ ਵਿੱਚ ਇਨਸਾਫ਼ ਮਿਲਣਾ ਅਸੰਭਵ ਹੈ, ਪਰ ਰਾਜ ਦੀ ਅਰਥਿਕ ਹਾਲਤ ਸੁਧਾਰਨ, ਮੁਲਾਜਮਾਂ ਨੂੰ ਪੱਕੇ ਕਰਨ, ਗਰੀਬ ਲੋਕਾਂ ਦੇ ਗੁਜਾਰੇ ਦੇ ਸਾਧਨ ਬਣਾਉਣ ਲਈ ਤਾਂ ਕਾਫ਼ੀ ਕੁੱਝ ਕੀਤਾ ਜਾ ਸਕਦਾ ਹੈ।
ਹੁਣ ਹੋ ਕੀ ਰਿਹਾ ਹੈ, ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਦੇ ਉਲਟ ਉਹਨਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਲਈ ਅਰੂਸਾ ਆਲਮ ਨੂੰ ਹੀ ਸੂਬੇ ਦਾ ਵੱਡਾ ਮੁੱਦਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਮੌਜੂਦਾ ਕਿਸਾਨ ਅੰਦੋਲਨ ਨੇ ਪੰਜਾਬੀਆਂ ਨੂੰ ਬਹੁਤ ਕੁੱਝ ਸਿਖਾ ਦਿੱਤਾ ਹੈ ਚੇਤੰਨ ਕਰ ਦਿੱਤਾ ਹੈ ਉਹ ਗੁੰਮਰਾਹ ਹੋਣ ਵਾਲੇ ਨਹੀਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਦੀ ਭਲਾਈ, ਸਿੱਖਿਆ ਸਿਹਤ, ਰੋਜਗਾਰ ਵੱਲ ਧਿਆਨ ਦੇ ਕੇ ਲੋਕਾਂ ਨੂੰ ਰਾਹਤ ਦੇਣ। ਅਰੂਸਾ ਆਲਮ ਜਿੱਥੇ ਪਹਿਲਾਂ ਦਸ ਸਾਲਾਂ ਤੋਂ ਫਿਰਦੀ ਰਹੀ ਹੈ, ਭਾਵੇਂ ਹੁਣ ਵੀ ਫਿਰਦੀ ਰਹੇ ਲੋਕਾਂ ਨੂੰ ਇਸ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਲੋਕਾਂ ਨੂੰ ਗੁਜਾਰੇ ਤੇ ਸਾਧਨਾਂ ਤੇ ਰੋਜਗਾਰ ਦੀ ਲੋੜ ਹੈ, ਨਸ਼ਿਆਂ ਤੋ ਜਵਾਨੀ ਬਚਾਉਣ ਤੇ ਬੇਅਦਬੀ ਮਾਮਲਿਆਂ ਸਬੰਧੀ ਇਨਸਾਫ਼ ਦੀ ਲੋੜ ਹੈ।
ਮੋਬਾ: 098882 75913

The post ਪੰਜਾਬ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਕੇਂਦਰਤ ਕਰੇ, ਅਰੂਸਾ ਆਲਮ ਪੰਜਾਬ ਦਾ ਮਾਮਲਾ ਨਹੀਂ, ਇਸਨੂੰ ਮੁੱਦਾ ਨਾ ਬਣਾਇਆ ਜਾਵੇ first appeared on Punjabi News Online.


Source link

Check Also

ਦਿੱਲੀ ਹਵਾਈ ਅੱਡੇ ’ਤੇ 49 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ

ਨਵੀਂ ਦਿੱਲੀ, 19 ਜੁਲਾਈ ਸੈਂਟਰਲ ਇੰਡਸਟਰੀ ਸਕਿਉਰਿਟੀ ਫੋਰਸ (ਸੀਆਈਐਸਐਫ) ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ …