
ਚੰਡੀਗਡ਼੍ਹ : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇਕ ਮਾਮਲੇ ਦੀ ਸੁਣਵਾਈ ਦੋਰਾਨ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਾਂਸਟੇਬਲ ਐਸ.ਪੀ.ਯੂ. ਦੀ ਭਰਤੀ ਸਬੰਧੀ ਆਰ.ਟੀ.ਆਈ ਐਕਟ 2005 ਅਧੀਨ ਮੰਗਿਆ ਗਿਆ ਰਿਕਾਰਡ ਮੁਹੱਈਆ ਕਰਵਾਇਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਵਾਰਡ ਨੰਬਰ 4 ਨਜਦੀਕ ਪੂਰਨ ਸ਼ਾਹ ਦੇਹਵਲੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦਾਇਰ ਕੇਸ ਨੰਬਰ 1212 ਆਫ 2017 ਰਾਹੀ ਕਮਿਸ਼ਨ ਤੋਂ ਮੰਗ ਕੀਤੀ ਗਈ ਸੀ ਕਿ ਉਸ ਨੂੰ ਸੂਚਨਾ ਅਧਿਕਾਰ 2005 ਅਧੀਨ ਕਾਂਸਟੇਬਲ ਐਸ.ਪੀ.ਯੂ. ਦੀ ਭਰਤੀ ਸਬੰਧੀ ਲਵੀ ਨੰਬਰ 1 ਤੋਂ 230 ਤੱਕ ਸਾਰੀਆਂ ਕੈਟਾਗਰੀਆਂ ਦੇ ਚੁਣੇ ਗਏ ਉਮੀਦਵਾਰਾਂ ਦੇ ਰਿਕਾਰਡ ਦੀਆਂ ਤਸਦੀਕਸ਼ੁਦਾ ਕਾਪੀਆਂ ਮੁਹੱਈਆ ਕਰਵਾਈਆ ਜਾਣ ਅਤੇ ਹਾਈਟ ਦਾ ਵੇਰਵਾ, ਛਾਤੀ ਦੀ ਮਿਣਤੀ, ਹਾਈ ਜੰਪ ਸਬੰਧੀ ਵੇਰਵੇ ਵੀ ਦਿੱਤੇ ਜਾਣ ਪ੍ਰੰਤੂ ਅਪੀਲਕਰਤਾ ਵੱਲੋਂ ਮੰਗੀ ਗਈ ਜਾਣਕਾਰੀ ਸਬੰਧਤ ਵਿਭਾਗ ਵੱਲੋਂ ਨਹੀਂ ਦਿੱਤੀ ਗਈ।
ਕੇਸ ਦੀ ਸੁਣਵਾਈ ਦੋਰਾਨ ਅਪੀਲ ਕਰਤਾ ਨੇ ਦੋਸ਼ ਲਗਾਇਆ ਕਿ ਭਰਤੀ ਦੋਰਾਨ ਉਸ ਦਾ ਉਚਾਈ, ਛਾਤੀ ਦਾ ਮਾਪ ਅਤੇ ਅਤੇ ਹੋਰ ਰਿਕਾਰਡ ਮੰਦਭਾਵਨਾ ਤਹਿਤ ਸਹੀ ਨਹੀਂ ਦਰਜ ਕੀਤਾ ਗਿਆ। ਅਪੀਲ ਕਰਤਾ ਨੇ ਆਪਣੇ ਇਨ੍ਹਾਂ ਦੋਸ਼ਾਂ ਦੇ ਪੱਖ ਵਿੱਚ ਸਬੂਤ ਵੱਜੋਂ ਚੰਡੀਗਡ਼੍ਹ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਭਰਤੀ ਸਬੰਧੀ ਆਪਣੇ ਚੁਣੇ ਜਾਣ ਸਬੰਧੀ ਦਸਤਾਵੇਜ ਦੀ ਕਾਪੀ ਪੇਸ਼ ਕੀਤੀ।ਇਸ ਤੋਂ ਇਲਾਵਾ ਅਪੀਲ ਕਰਤਾ ਨੇ ਦੋਸ਼ ਲਗਾਇਆ ਕਿ ਇਕ ਉਮੀਦਵਾਰ ਨੂੰ ਲਾਭ ਦੇਣ ਦੇ ਮਕਸਦ ਨਾਲ ਉਸ ਨੂੰ ਰੀਵਾਈਜਿੰਡ ਸੂਚੀ ਵਿੱਚ ਨੰਬਰ ਵਧਾ ਕੇ ਦਿੱਤੇ ਗਏ ਹਨ।ਜਿਸ ਦੀ ਕਿ ਉਚਾਈ ਸਬੰਧੀ ਪਹਿਲ਼ੀ ਸੂਚੀ ਵਿੱਚ 11 ਨੰਬਰ ਦਿੱਤੇ ਗਏ ਸੀ ਪਰ ਰੀਵਾਈਜਿੰਡ ਸੂਚੀ ਵਿੱਚ ਉਸ ਨੂੰ ਉਚਾਈ ਦੇ 12 ਨੰਬਰ ਦਿੱਤੇ ਗਏ ਹਨ।ਇਨ੍ਹਾਂ ਦੋਸ਼ਾਂ ਸਬੰਧੀ ਵੀ ਅਪੀਲ ਕਰਤਾ ਨੇ ਸਬੂਤ ਪੇਸ਼ ਕੀਤੇ ।
ਕੇਸ ਦੀ ਸੁਣਵਾਈ ਕਰਦਿਆਂ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸ਼੍ਰੀ ਐਸ.ਐਸ.ਚੰਨੀ ਨੇ ਕਿਹਾ ਪੇਸ਼ ਕੀਤੇ ਗਏ ਦਸਤਾਵੇਜਾਂ ਨੂੰ ਘੋਖਣ ਅਤੇ ਅਪੀਲ ਕਰਤ ਵੱਲੋਂ ਲਗਾਏ ਗਏ ਦੋਸ਼ਾਂ ਦੇ ਅਧਾਰ ਤੇ ਆਰ. ਟੀ. ਆਈ. ਐਕਟ 2005 ਦੀ ਅਸਲ ਭਾਵਨਾ ਅਨੁਸਾਰ ਕੁਦਰਤੀ ਨਿਆ ਦੇ ਤਹਿਤ ਕਾਂਸਟੇਬਲ ਐਸ.ਪੀ.ਯੂ. ਦੀ ਭਰਤੀ ਸਬੰਧੀ ਮੰਗਿਆ ਗਿਆ ਰਿਕਾਰਡ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।