
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਵਾਪਸ ਲੈ ਲਈਆਂ ਗਈਆਂ ਹਨ। ਹੁਣ 18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ‘ਚ ਇਹ ਵੈਕਸੀਨ ਮੁਫ਼ਤ ‘ਚ ਲਗਾਈ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਸਟੇਟ ਇੰਚਾਰਜ ਵਿਕਾਸ ਗਰਗ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ 42,000 ਖੁਰਾਕਾਂ ਵੰਡੀਆਂ ਗਈਆਂ ਜਿਸ ਵਿੱਚੋਂ ਸਿਰਫ਼ 600 ਖੁਰਾਕਾਂ ਲੋਕਾਂ ਨੂੰ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ ਨੂੰ ਕੋਈ ਨਵੀਂ ਅਲਾਟਮੈਂਟ ਨਾ ਕੀਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਵੈਕਸੀਨ ਦੀ ਖੁਰਾਕ ਤੁਰੰਤ ਵਾਪਸ ਲਈ ਜਾਵੇ। ਜ਼ਿਕਰਯੋਗ ਹੈ ਕਿ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੇ ਮਾਮਲੇ ‘ਤੇ ਸਰਕਾਰ ਦੀ ਤਿੱਖੀ ਆਲੋਚਨਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ‘ਤੇ ਨਿੱਜੀ ਹਸਪਤਾਲਾਂ ਦੀ ਤਰਫ਼ਦਾਰੀ ਕਰਨ ਦੇ ਦੋਸ਼ ਵੀ ਲਾਏ ਹਨ।
Source link