Home / World / ਪੰਜਾਬ ‘ਤੇ ਹਰਿਆਣਾ ‘ਚ ਧਾਰਾ-144 ਲਾਗੂ, ਪੰਜਾਬ ਦੇ ਸਾਰੇ ਸਕੂਲ-ਕਾਲਜ ਬੰਦ, ਖੱਟੜ ਨੇ ਕੇਂਦਰ ਤੋਂ ਮੰਗੀ ਮਦਦ

ਪੰਜਾਬ ‘ਤੇ ਹਰਿਆਣਾ ‘ਚ ਧਾਰਾ-144 ਲਾਗੂ, ਪੰਜਾਬ ਦੇ ਸਾਰੇ ਸਕੂਲ-ਕਾਲਜ ਬੰਦ, ਖੱਟੜ ਨੇ ਕੇਂਦਰ ਤੋਂ ਮੰਗੀ ਮਦਦ

1ਚੰਡੀਗੜ੍ਹ/ਜਲੰਧਰ  – ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਸਥਿਤੀ ਬਹੁਤ ਹੀ ਤਣਾਅਪੂਰਨ ਹੋ ਗਈ ਹੈ, ਜੇਕਰ ਫੈਸਲਾ ਡੇਰੇ ਦੇ ਖਿਲਾਫ਼ ਆਉਂਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਹਨ। ਅਜਿਹੇ ਵਿਚ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੈਰਾ ਮਿਲਟਰੀ ਫੋਰਸ ਦੀਆਂ ਜ਼ਿਆਦਾ ਕੰਪਨੀਆਂ ਚਾਹੀਦੀਆਂ ਹਨ। ਬੁੱਧਵਾਰ ਨੂੰ ਲਿਖੇ ਗਏ ਪੱਤਰ ਵਿਚ ਮੁੱਖ ਮੰਤਰੀ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫ਼ੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਸੂਬੇ ਵਿਚ ਪੈਰਾ ਮਿਲਟਰੀ ਦੀਆਂ 43 ਕੰਪਨੀਆਂ ਪਹੁੰਚ ਚੁੱਕੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿਚ 107 ਹੋਰ ਕੰਪਨੀਆਂ ਭੇਜੀਆਂ ਜਾਣ। ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਖੁਫ਼ੀਆ ਵਿਭਾਗ ਨੇ ਜੋ ਇਨਪੁਟ ਸਰਕਾਰ ਨੂੰ ਭੇਜਿਆ ਹੈ, ਉਸ ਵਿਚ ਦੱਸਿਆ ਗਿਆ ਕਿ ਘੱਟ ਤੋਂ ਘੱਟ 5 ਲੱਖ ਡੇਰਾ ਪ੍ਰੇਮੀ ਵੀਰਵਾਰ ਤੱਕ ਪਹੁੰਚ ਜਾਣਗੇ ਤੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਸਥਿਤੀ ਵਿਚ ਇੰਨੀ ਭੀੜ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਹੋ ਸਕਦਾ ਹੈ। ਇੰਨਾ ਹੀ ਨਹੀਂ ਕਿਉਂਕਿ ਕੱਟੜਪੰਥੀ ਸਿੱਖ ਸੰਗਠਨਾਂ ਦੀ ਵੀ ਇਸ ਮਾਮਲੇ ‘ਤੇ ਨਜ਼ਰ ਹੈ। ਉਨ੍ਹਾਂ ਵਲੋਂ ਅਦਾਲਤ ਦੇ ਫੈਸਲੇ ‘ਤੇ ਕੋਈ ਅਜਿਹੀ ਪ੍ਰਤੀਕਿਰਿਆ ਹੋ ਸਕਦੀ ਹੈ, ਜਿਸ ਨਾਲ ਕਿ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਸਰਕਾਰ ਨੇ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ‘ਚ 24 ਤੇ 25 ਅਗਸਤ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਹਰਿਆਣਾ ਸਰਕਾਰ ਉਸ ਦਾ ਪਾਲਣ ਕਰੇਗੀ ਤੇ ਸਾਰਿਆਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਚੰਡੀਗੜ੍ਹ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ 24 ਤੇ 25 ਅਗਸਤ ਦੀ ਛੁੱਟੀ ਕਰ ਦਿੱਤੀ ਹੈ।
ਇਸੇ ਤਰ੍ਹਾਂ ਰਾਮ ਰਹੀਮ ਜਬਰ-ਜ਼ਨਾਹ ਮਾਮਲੇ ਵਿਚ ਆ ਰਹੇ ਅਦਾਲਤ ਦੇ ਫੈਸਲੇ ਨੂੰ ਵੇਖਦੇ ਹੋਏ ਪੰਜਾਬ ਵਿਚ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਤੇ 25 ਅਗਸਤ ਨੂੰ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਚ ਸੁਰੱੱਖਿਆ ਪ੍ਰਬੰਧਾਂ ਨੂੰ ਲੈ ਕੇ ਉਚ ਪੁਲਸ ਅਧਿਕਾਰੀਆਂ ਨਾਲ ਇਕ ਉਚ ਪੱਧਰੀ ਮੀਟਿੰਗ ਕੀਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਸਰਕਾਰ ਨੇ ਹਰ ਵਿਅਕਤੀ ਨੂੰ ਹਥਿਆਰ ਲੈ ਕੇ ਚੱਲਣ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ ਤੇ ਲਾਇਸੈਂਸੀ ਹਥਿਆਰ ਹੋਲਡਰਾਂ ਨੂੰ ਹਥਿਆਰ ਤੇ ਗੋਲੀ ਸਿੱਕਾ ਵੇਚਣ ਵਾਲੇ ਪ੍ਰਾਈਵੇਟ ਗੰਨ ਹਾਊਸਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਵੀ. ਵੀ. ਆਈ. ਪੀ. ਸੁਰੱਖਿਆ ਵਿਚ ਲੱਗੇ 1 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਕੇ ਫੀਲਡ ਡਿਊਟੀਆਂ ਵਿਚ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੋਗਾ, ਬਠਿੰਡਾ, ਸੰਗਰੂਰ, ਬਰਨਾਲਾ, ਪਟਿਆਲਾ ਤੇ ਲੁਧਿਆਣਾ ਜਿਹੇ ਨਾਜ਼ੁਕ ਇਲਾਕਿਆਂ ਵਿਚ ਚੌਕਸੀ ਵਧਾਉਣ ਲਈ ਹਜ਼ਾਰਾਂ ਪੁਲਸ ਮੁਲਾਜ਼ਮਾਂ ਤੋਂ ਇਲਾਵਾ 85 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੰਵੇਦਨਸ਼ੀਲ ਜ਼ਿਲਿਆਂ ਵਿਚ ਜ਼ਰੂਰੀ ਸੁਰੱਖਿਆ ਵਿਵਸਥਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਹਰਿਆਣਾ ਨਾਲ ਲੱਗਦੀ ਸਰਹੱਦ ‘ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।
ਭਰਤੀ ਲਈ ਇੰਟਰਵਿਊ ਪ੍ਰੋਗਰਾਮ ਬਦਲਿਆ
ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ (ਗਰੁੱਪ ਏ) ਦੇ ਅਹੁਦੇ ‘ਤੇ ਭਰਤੀ ਲਈ ਇੰਟਰਵਿਊ ਪ੍ਰੋਗਰਾਮ ਵਿਚ ਤਬਦੀਲੀ ਕਰ ਕੇ ਹੁਣ 24 ਅਗਸਤ ਨੂੰ ਹੋਣ ਵਾਲੀ ਇੰਟਰਵਿਊ 30 ਅਗਸਤ, 25 ਅਗਸਤ ਨੂੰ ਹੋਣ ਵਾਲੀ ਇੰਟਰਵਿਊ 31 ਅਗਸਤ ਤੇ 26 ਅਗਸਤ ਨੂੰ ਹੋਣ ਵਾਲੀ ਇੰਟਰਵਿਊ 1 ਸਤੰਬਰ ਨੂੰ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇੰਟਰਵਿਊ ਦੀ ਤਰੀਕ ਨੂੰ ਛੱਡ ਕੇ ਇੰਟਰਵਿਊ ਦੇ ਸਮੇਂ ਦੇ ਸਥਾਨ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਰਾਜ ਕਰਮਚਾਰੀ ਚੋਣ ਕਮਿਸ਼ਨ ਨੇ ਵੀ ਬਿਜਲੀ ਵੰਡ ਨਿਗਮਾਂ, ਬਿਜਲੀ ਪ੍ਰਸਾਰਣ ਨਿਗਮ ਵਿਚ ਸ਼ਿਫਟ ਅਟੈਂਡੈਂਟ ਦੇ ਅਹੁਦੇ ਲਈ 24 ਤੋਂ 26 ਅਗਸਤ ਤੱਕ ਦੀ ਮੁੜ ਨਿਰਧਾਰਿਤ ਮਿਤੀਆਂ ਨੂੰ ਬਦਲਦੇ ਹੋਏ ਹੁਣ 3 ਤੋਂ 4 ਸਤੰਬਰ ਤੱਕ ਇੰਟਰਵਿਊ ਤੇ ਲਿਖਤ ਪੀਖਿਆ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। 28 ਤੇ 29 ਨੂੰ ਹੋਣ ਵਾਲੀ ਇੰਟਰਵਿਊ ਦੇ ਪ੍ਰੋਗਰਾਮ ਵਿਚ ਕੋਈ ਬਦਲਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਪ੍ਰਸ਼ਾਸਨਿਕ ਕਾਰਨਾਂ ਤੋਂ ਵਣ ਵਿਭਾਗ ਵਿਚ ਡਿਪਟੀ ਰੇਂਜਰ ਤੇ ਖੇਤੀ ਵਿਭਾਗ ਵਿਚ ਖੇਤੀ ਨਿਰੀਖਕ ਤੇ ਖੇਤੀ ਨਿਰੀਖਕ ਦੇ ਅਹੁਦਿਆਂ ਲਈ ਇੰਟਰਵਿਊ ਤੋਂ ਪਹਿਲਾਂ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੁਣ 1 ਸਤੰਬਰ ਨੂੰ ਕਰਨ ਦਾ ਫੈਸਲਾ ਲਿਆ ਹੈ।
ਅਧਿਕਾਰੀਆਂ ਤੇ ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ
* ਆਈ. ਏ. ਐੱਸ. ਤੇ ਐੱਚ. ਸੀ. ਐੱਸ. ਅਧਿਕਾਰੀਆਂ ਦੀਆਂ ਛੁੱਟੀਆਂ ਰੱਦ। ਪਹਿਲਾਂ ਤੋਂ ਮਨਜ਼ੂਰ ਛੁੱਟੀ ਵੀ ਰੱਦ ਮੰਨੀ ਜਾਵੇਗੀ।
* ਸਾਰੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀਆਂ ਛੁੱਟੀਆਂ ਵੀ 30 ਅਗਸਤ ਤੱਕ ਰੱਦ, ਛੁੱਟੀ ‘ਤੇ ਗਏ ਅਧਿਕਾਰੀਆਂ-ਕਰਮਚਾਰੀਆਂ ਨੂੰ ਵੀ ਵਾਪਸ ਬੁਲਾਉਣ ਦੇ ਨਿਰਦੇਸ਼।
* ਪੰਚਕੂਲਾ ਵਲੋਂ ਆਉਣ ਵਾਲੀਆਂ ਤੇ ਸਿਰਸਾ ਵੱਲ ਜਾਣ ਵਾਲੀਆਂ ਬੱਸਾਂ ਸਮੇਤ ਹੋਰ ਕਈ ਥਾਵਾਂ ਤੋਂ ਵੀ ਬੱਸਾਂ ‘ਤੇ ਰੋਕ।
ਪੰਚਕੂਲਾ ਤੇ ਸਿਰਸਾ ਵਿਚ ਸੁਰੱਖਿਆ ਵੱਡੀ ਚੁਣੌਤੀ
ਡੇਰੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ 5 ਕਰੋੜ ਭਗਤ ਹਨ। ਸਿਰਸਾ ਵਿਚ ਵੀ ਭਾਰੀ ਭੀੜ ਜੁਟੀ ਹੋਈ ਹੈ। ਇਥੇ ਸੁਰੱਖਿਆ ਵਿਵਸਥਾ ਬਣਾਈ ਰੱਖਣਾ ਸਰਕਾਰ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

Check Also

Sensex falls 184 points, Nifty holds above 10,000

The BSE Sensex fell 184.38 points or 0.54 percent to 34,062.67 in early trade while …

%d bloggers like this: