ਵੋਟਾਂ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ
ਨਤੀਜਿਆਂ ਦਾ ਐਲਾਨ 22 ਸਤੰਬਰ ਨੂੰ
ਚੰਡੀਗਡ਼੍ਹ – ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਲਈ ਮਤਦਾਨ ਭਲਕੇ 19 ਸਤੰਬਰ ਨੂੰ ਹੋਣ ਜਾ ਰਿਹਾ ਹੈ। ਵੋਟਾਂ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ 22 ਸਤੰਬਰ ਨੂੰ ਕੀਤਾ ਜਾਵੇਗਾ।
ਰਾਜ ਚੋਣ ਕਮਿਸ਼ਨਰ, ਪੰਜਾਬ ਜਗਪਾਲ ਸਿੰਘ ਸੰਧੂ ਅਨੁਸਾਰ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਨੇਪਰੇ ਚਾਡ਼੍ਹਨ ਲਈ 35 ਅਬਜ਼ਰਵਰ ਲਗਾਏ ਗਏ ਹਨ। ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਚੋਣਾਂ ਲਈ ਰਾਜ ਵਿੱਚ ਕੁੱਲ 12787395 ਵੋਟਰਾਂ ਦਾ ਨਾਮ ਦਰਜ ਹਨ, ਜਿਨ੍ਹਾਂ ਵਿੱਚੋਂ 6688245 ਪੁਰਸ਼ ਵੋਟਰ ਹਨ, ਜਦੋਂ ਕਿ 6099245 ਮਹਿਲਾ ਵੋਟਰ ਹਨ ਅਤੇ 97 ਥਰਡ ਜੈਂਡਰ ਹਨ।
ਰਾਜ ਵਿੱਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ 17268 ਬੂਥ ਸਥਾਪਤ ਕੀਤੇ ਗਏ ਹਨ ਅਤੇ 86340 ਸਰਕਾਰੀ ਮੁਲਾਜ਼ਮ ਚੋਣ ਅਮਲ ਨੂੰ ਨੇਪਰੇ ਚਾਡ਼੍ਹਨ ਵਿੱਚ ਲਾਇਆ ਗਿਆ ਹੈ। ਇਹਨਾਂ ਚੋਣਾਂ ਨੂੰ ਲੈ ਕੇ ਸੂਬੇ ਭਰ ਵਿਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ 402 ਉਮੀਦਵਾਰਾਂ ਦੀ ਪਹਿਲਾਂ ਹੀ ਨਿਰਵਿਰੋਧ ਚੋਣ ਹੋ ਚੁੱਕੀ ਹੈ, ਜਿਹਨਾਂ ਵਿਚ 33 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ 369 ਉਮੀਦਵਾਰ ਬਲਾਕ ਸੰਮਤੀਆਂ ਲਈ ਨਿਰਵਿਰੋਧ ਚੁਣੇ ਗਏ।
ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ 19 ਸਤੰਬਰ, 2018 ਨੂੰ ਜਨਤਕ ਛੁੱਟੀ ਐਲਾਨੀ ਗਈ ਹੈ ਤਾਂ ਜੋ ਸੂਬੇ ਦੇ ਲੋਕ ਇਸ ਦਿਨ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਅਤੇ ਚੰਡੀਗੜ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਮਿਤੀ 19 ਸਤੰਬਰ, 2018 ਦਿਨ ਬੁੱਧਵਾਰ ਦੀ ਜਨਤਕ ਛੁੱਟੀ ਐਲਾਨੀ ਗਈ ਹੈ।
Check Also
ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ
ਡਾ. ਗੁਰਤੇਜ ਸਿੰਘ ਕੋਲਕਾਤਾ ਦੇ ਸਰਕਾਰੀ ਮੈਡੀਕਲ ਕਾਲਜ ਆਰ.ਜੀ. ਕਰ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ …