
ਗੁਰਦਾਸਪੁਰ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰਦਾਸਪੁਰ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਦੀ ਪੰਜਾਬ ਨੂੰ ਦੇਣ ਉਤੇ ਚਾਨਣਾ ਪਾਇਆ ਅਤੇ ਸੂਬਾ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ।
ਇਸ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਦੇ ਨਾਲ ਕੀਤੀ।
ਉਹਨਾਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਜਯੰਤੀ ਨੂੰ ਕੇਂਦਰ ਸਰਕਾਰ ਵਲੋਂ ਵੱਡੀ ਪੱਧਰ ਉਤੇ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਦੁਨੀਆ ਭਰ ਵਿਚ ਇਸ ਮੌਕੇ ਸਮਾਗਮ ਕੀਤੇ ਜਾਣਗੇ। ਉਹਨਾਂ ਕਿਹਾ ਭਾਰਤ – ਪਾਕਿਸਤਾਨ ਦੀ ਵੰਡ ਸਮੇਂ ਸਾਨੂੰ ਕਰਤਾਰਪੁਰ ਤੋਂ ਅਲੱਗ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਐਨ.ਡੀ.ਏ ਸਰਕਾਰ ਨੇ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਕਾਰੀਡੋਰ ਬਣਾਉਣ ਦਾ ਇਤਿਹਾਸਿਕ ਫੈਸਲਾ ਕੀਤਾ ਹੈ। ਇਸ ਦੇ ਤਹਿਤ ਡੇਰਾਬਾਬਾ ਨਾਨਕ ਤੋਂ ਲੈ ਕੇ ਕੌਮਾਂਤਰੀ ਸਰਹੱਦ ਤਕ ਕੋਰੀਡੋਰ ਬਣਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੀ 11 ਲੱਖ ਤੋਂ ਵੱਧ ਭੈਣਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਿਤਾ ਜਾ ਚੁਕਾ ਹੈ। ਇਥੇ ਨੌਜਵਾਨਾਂ ਨੂੰ 28 ਲੱਖ ਮੁੱਦਰਾ ਲੋਨ ਦਿੱਤੇ ਗਏ ਹਨ। ਢਾਈ ਲੱਖ ਨੌਜਵਾਨਾਂ ਨੂੰ ਸਕਿੱਲ ਇੰਡੀਆ ਤਹਿਤ ਟ੍ਰੇਨਿੰਗ ਦਿਤੀ ਜਾ ਚੁਕੀ ਹੈ। ਉਹਨਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨਾਲ ਪੰਜਾਬ ਦੇ ਕਈ ਜਿਲਿਆਂ ਵਿਚ ਬੇਟੀਆਂ ਦੀ ਗਿਣਤੀ ਵਧੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਕਈਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਬਠਿੰਡਾ ਵਿਚ ਏਮਜ ਬਣਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਨੂੰ 1984 ਦੇ ਸਿੱਖ ਕਤਲੇਆਮ ਉਤੇ ਘੇਰਦਿਆਂ ਕਿਹਾ ਕਿ ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਮੁੱਖ ਮੰਤਰੀ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਕ ਪਰਿਵਾਰ ਦੇ ਇਸ਼ਾਰੇ ਉਤੇ ਜਿਹੜੇ ਦੋਸ਼ੀਆਂ ਨੂੰ ਸੱਜਣ ਦੱਸ ਕੇ ਫਾਈਲਾਂ ਦਬਾ ਦਿਤੀਆਂ ਸਨ, ਐੱਨਡੀਏ ਸਰਕਾਰ ਨੇ ਉਹਨਾਂ ਨੂੰ ਬਾਹਰ ਕੱਢ ਕੇ ਐੱਸ.ਆਈ.ਟੀ ਦਾ ਗਠਨ ਕੀਤਾ ਅਤੇ ਅੱਜ ਨਤੀਜੇ ਸਾਹਮਣੇ ਹਨ।