
ਲੁਧਿਆਣਾ : ਅਹਿਮਦਗੜ੍ਹ ਮੰਡੀ ਦੇ ਨਜ਼ਦੀਕ ਪਿੰਡ ਜਗੇੜਾ ਵਿਖੇ ਸਥਿਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿਚ ਬੀਤੇ ਹਫਤੇ ਅਣਪਛਾਤੇ ਹਥਿਆਰਬੰਦਾਂ ਵੱਲੋਂ ਡੇਰੇ ਦੇ ਦੋ ਸੇਵਾਦਾਰਾਂ ਪਿਓ-ਪੁੱਤਰ ਨੂੰ ਗੋਲੀਆਂ ਮਾਰਨ ਵਾਲੇ ਦੋਸ਼ੀਆਂ ਦਾ ਸੁਰਾਗ ਦੇਣ ਵਾਲਿਆਂ ਨੂੰ ਪੁਲਿਸ ਨੇ ਇਲਾਮ ਦੇਣ ਦਾ ਐਲਾਨ ਕੀਤਾ ਹੈ| ਅੱਜ ਇਥੇ ਸੱਦੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਆਈ.ਜੀ. ਐਸ.ਕੇ ਕਾਲੀਆ ਨੇ ਕਿਹਾ ਕਿ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 50 ਲੱਖ ਰੁਪਏ ਨਕਦ ਅਤੇ ਪੁਲਿਸ ਵਿਚ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇਗੀ|
ਦੱਸਣਯੋਗ ਹੈ ਕਿ ਪਿਛਲੇ ਹਫਤੇ ਪਿੰਡ ਜਗੇੜਾ ਵਿਖੇ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ| ਇਹ ਘਟਨਾ ਸੀ.ਸੀ. ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਸੀ, ਪਰ ਦੋਸ਼ੀਆਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ|
ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਇਹ ਐਲਾਨ ਕਰ ਦਿੱਤਾ ਕਿ ਉਦੋਂ ਤੱਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ| ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਧਰਨਾ ਵੀ ਲਾਇਆ| ਪਰ ਡੀ.ਜੀ.ਪੀ ਵੱਲੋਂ ਪੰਜ ਦਿਨਾਂ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਧਰਨਾ ਚੁੱਕ ਲਿਆ ਸੀ|