Breaking News
Home / Punjabi News / ਪਰਾਲੀ ਨਾਲ ਟਰਾਲੀਆਂ ਭਰ ਕੇ ਪੁੱਜੇ ਸੈਂਕੜੇ ਕਿਸਾਨਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ

ਪਰਾਲੀ ਨਾਲ ਟਰਾਲੀਆਂ ਭਰ ਕੇ ਪੁੱਜੇ ਸੈਂਕੜੇ ਕਿਸਾਨਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ

ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਨਵੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ ) ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਦਿੱਤੇ ਸਾਂਝੇ ਸੱਦੇ ’ਤੇ ਸੈਂਕੜੇ ਕਿਸਾਨ ਝੋਨੇ ਦੀ ਪਰਾਲੀ ਦੀਆਂ ਦਰਜਨਾਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਅੱਗੇ ਪੁੱਜੇ ਅਤੇ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਬੀਬੀਆਂ ਵੀ ਸ਼ਾਮਲ ਸਨ। ਕਿਸਾਨਾਂ ਨੇ ਧਰਨੇ ਅਤੇ ਪਰਾਲੀ ਦੀਆਂ ਭਰੀਆਂ ਟਰਾਲੀਆਂ ਕਾਰਨ ਡੀਸੀ ਦਫ਼ਤਰ ਰੋਡ ’ਤੇ ਅੱਜ ਸ਼ਾਮ ਤੱਕ ਆਵਾਜਾਈ ਠੱਪ ਰਹੀ। ਕਿਸਾਨ ਮੰਗ ਕਰ ਰਹੇ ਸਨ ਕਿ ਪਰਾਲੀ ਦੇ ਮਸਲੇ ਦਾ ਠੋਸ ਤੇ ਪੱਕਾ ਹੱਲ ਕੀਤਾ ਜਾਵੇ, ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਦਰਜ ਪੁਲੀਸ ਕੇਸ, ਫਰਦਾਂ ’ਚ ਰੈਡ ਐਂਟਰੀਆਂ ਅਤੇ ਜੁਰਮਾਨੇ ਰੱਦ ਕੀਤੇ ਜਾਣ।

ਧਰਨੇ ’ਚ ਭਾਕਿਯੂ ਏਕਤਾ ਅਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ ਅਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਰੱਦ ਕਰਨ, ਅਸਲਾ ਲਾਇਸੰਸ ਰੱਦ ਕਰਨ, ਸਬਸਿਡੀਆਂ ਰੱਦ ਕਰਨ ਅਤੇ ਸਰਕਾਰੀ ਸਹੂਲਤਾਂ ਬੰਦ ਕਰਨ ਦੇ ਦਿੱਤੇ ਆਦੇਸ਼ ਵਾਪਸ ਲਏ ਜਾਣ, ਪੰਜਾਬ ਅੰਦਰ ਪੂਰਨ ਨਸ਼ਾਬੰਦੀ ਕੀਤੀ ਜਾਵੇ, ਕਿਸੇ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੂਰਤ ਵਿੱਚ ਸਬੰਧਤ ਇਲਾਕੇ ਦੇ ਵਿਧਾਇਕ, ਐੱਸਐੱਸਪੀ ਅਤੇ ਡੀਐੱਸਪੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਸੜਕੀ ਪ੍ਰਾਜੈਕਟ ਤਹਿਤ ਜ਼ਮੀਨਾਂ ਐਕਵਾਇਰ ਕਰਨਾ ਬੰਦ ਕੀਤਾ ਜਾਵੇ, ਰਜ਼ਾਮੰਦੀ ਨਾਲ ਜ਼ਮੀਨਾਂ ਦੇਣ ਵਾਲੇ ਕਿਸਾਨਾਂ ਨੂੰ ਮਾਰਕੀਟ ਰੇਟ ਦਾ ਛੇ ਗੁਣਾਂ ਮੁਆਵਜ਼ਾ ਦਿੱਤਾ ਜਾਵੇ, ਗੰਨੇ ਦੇ ਭਾਅ ਵਿੱਚ 120 ਰੁਪਏ ਦਾ ਵਾਧਾ ਕੀਤਾ ਜਾਵੇ, ਹਰ ਤਰ੍ਹਾਂ ਦੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚ ਬਦਲਣ ਵਾਲਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਬਲਜੀਤ ਕੌਰ ਕਿਲਾਭਰੀਆਂ, ਲੀਲਾ ਸਿੰਘ ਚੋਟੀਆਂ, ਗੁਰਮੇਲ ਸਿੰਘ ਕੈਂਪਰ, ਜਸਵੀਰ ਸਿੰਘ ਮੈਦੇਪਾਸ, ਦਰਬਾਰਾ ਸਿੰਘ ਲੋਹਾਖੇੜਾ, ਰਾਜਪਾਲ ਸਿੰਘ ਮੰਗਵਾਲ, ਸੰਤ ਰਾਮ ਛਾਜਲੀ, ਬਲਜੀਤ ਸਿੰਘ ਜੌਲੀਆਂ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਭੂਰਾ ਸਿੰਘ ਸਲੇਮਗੜ੍ਹ, ਹਰੀ ਸਿੰਘ ਚੱਠਾ, ਕਰਨੈਲ ਸਿੰਘ ਕਾਕੜਾ, ਸੁਖਚੈਨ ਸਿੰਘ ਸ਼ਾਦੀਹਰੀ ਤੇ ਰਾਮਫਲ ਸਿੰਘ ਜਲੂਰ ਸੰਬੋਧਨ ਕੀਤਾ। ਧਰਨੇ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸੇ ਉਚ ਅਧਿਕਾਰੀ ਨੇ ਆ ਕੇ ਮੰਗ ਪੱਤਰ ਨਾ ਲਿਆ ਤਾਂ ਟਰਾਲੀਆਂ ’ਚ ਭਰੀ ਪਰਾਲੀ ਡੀਸੀ ਦਫ਼ਤਰ ਅੱਗੇ ਸੁੱਟੀ ਜਾਵੇਗੀ। ਇਸ ਮਗਰੋਂ ਏਡੀਸੀ ਵਰਜੀਤ ਵਾਲੀਆ ਨੇ ਆ ਕੇ ਮੰਗ ਪੱਤਰ ਲਿਆ, ਜਿਸ ਮਗਰੋਂ ਧਰਨਾ ਸਮਾਪਤ ਹੋਇਆ।

The post ਪਰਾਲੀ ਨਾਲ ਟਰਾਲੀਆਂ ਭਰ ਕੇ ਪੁੱਜੇ ਸੈਂਕੜੇ ਕਿਸਾਨਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ appeared first on punjabitribuneonline.com.


Source link

Check Also

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 …