
ਨਵੀਂ ਦਿੱਲੀ— 11 ਹਜ਼ਾਰ ਕਰੋੜ ਦੇ ਪੀ.ਐੱਨ.ਬੀ. ਘੁਟਾਲੇ ਨੂੰ ਲੈ ਕੇ ਜਾਰੀ ਘਮਾਸਾਨ ਦਰਮਿਆਨ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਮਦੇਵ ਨੇ ਮੋਦੀ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਭਾਜਪਾ ਜਲਦ ਹੀ ਨੀਰਵ ਮੋਦੀ ਵਰਗਿਆਂ ਨੂੰ ਉਸ ਦੀ ਅਸਲੀ ਜਗ੍ਹਾ ਪਹੁੰਚਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਨੀਰਵ ਅਤੇ ਲਲਿਤ ਮੋਦੀ ਵਰਗੇ ਲੋਕ ਘੁਟਾਲੇ ਕਰ ਕੇ ਦੇਸ਼ ਨੂੰ ਬਦਨਾਮ ਕਰਦੇ ਹਨ।
ਮੀਡੀਆ ਨਾਲ ਗੱਲਬਾਤ ‘ਚ ਬਾਬਾ ਰਾਮਦੇਵ ਨੇ ਮੋਦੀ ਸਰਕਾਰ ‘ਤੇ ਭਰੋਸਾ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨੀਰਵ ਮੋਦੀ ਨੂੰ ਉਸ ਦੇ ਗਲਤ ਕੰਮਾਂ ਦੀ ਸਜ਼ਾ ਜ਼ਰੂਰ ਮਿਲੇਗੀ ਅਤੇ ਸਰਕਾਰ ਉਸ ਤੋਂ ਪੈਸੇ ਵਸੂਲ ਕਰੇਗੀ। ਯੋਗ ਗੁਰੂ ਨੇ ਕਿਹਾ ਕਿ ਜਿੱਥੇ ਪੀ.ਐੱਮ. ਮੋਦੀ ਦੇਸ਼ ਨੂੰ ਵਿਕਸਿਤ ਕਰ ਰਹੇ ਹਨ, ਉੱਥੇ ਹੀ ਕੁਝ ਹੋਰ ਮੋਦੀ ਦੇਸ਼ ਨੂੰ ਸ਼ਰਮਸਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ ਨੇ ਸੋਮਵਾਰ ਨੂੰ ਮੁੰਬਈ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬਰੈਡੀ ਹਾਊਸ ਬਰਾਂਚ ਨੂੰ ਸੀਲ ਕਰ ਦਿੱਤਾ ਹੈ। ਕਈ ਏਜੰਸੀਆਂ ਇਸ ਘੁਟਾਲੇ ਦੀ ਜਾਂਚ ਕਰ ਰਹੀਆਂ ਹਨ।