ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 19 ਜੂਨ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਖਡੂਰ ਸਾਹਿਬ ਤੋਂ ਨਵੇਂ ਚੁਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਦੀ ਨਜ਼ਰਬੰਦੀ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਇਨ੍ਹਾਂ ਵਿਅਕਤੀਆਂ ਦੀ 24 ਜੂਨ ਤੱਕ ਨਜ਼ਰਬੰਦੀ ਦੀ ਮਿਆਦ ਖਤਮ ਹੋਣੀ ਸੀ। ਇਨ੍ਹਾਂ ’ਚ ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ ਸ਼ਾਮਲ ਹਨ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਦੀ ਨਜ਼ਰਬੰਦੀ ਵਿੱਚ ਵਾਧੇ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਅੰਮ੍ਰਿਤਪਾਲ ਦੀ ਤਿੰਨ ਮਹੀਨੇ ਦੀ ਨਜ਼ਰਬੰਦੀ ਦੀ ਮਿਆਦ 23 ਜੁਲਾਈ ਨੂੰ, ਜਦਕਿ ਪਪਲਪ੍ਰੀਤ ਦੀ ਮਿਆਦ 8 ਜੁਲਾਈ ਨੂੰ ਖਤਮ ਹੋ ਰਹੀ ਹੈ। ਅੰਮ੍ਰਿਤਪਾਲ ਦੇ ਵਕੀਲ ਈਮਾਨ ਸਿੰਘ ਖੇੜਾ ਅਤੇ ਹੋਰਨਾਂ ਨੇ ਦੱਸਿਆ ਕਿ ਹੁਣ ਤੱਕ ਅੱਠ ਵਿਅਕਤੀਆਂ ਦੀ ਨਜ਼ਰਬੰਦੀ ਵਧਾਉਣ ਦੇ ਹੁਕਮ ਪ੍ਰਾਪਤ ਹੋ ਚੁੱਕੇ ਹਨ। ਕਿਆਸ ਲਗਾਏ ਜਾ ਰਹੇ ਸਨ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਅੰਮ੍ਰਿਤਪਾਲ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਰਿਹਾਈ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਸਹਿਮਤ ਹੋਣਾ ਪਵੇਗਾ।
The post ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦੀ ਐੱਨਐੱਸਏ ਤਹਿਤ ਨਜ਼ਰਬੰਦੀ 3 ਮਹੀਨਿਆਂ ਲਈ ਵਧਾਈ appeared first on Punjabi Tribune.
Source link