ਹੈਦਰਾਬਾਦ, 12 ਅਕਤੂਬਰ
ਇੱਥੇ ਖੇਡੇ ਜਾ ਰਹੇ ਟੀ 20 ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਛੇ ਵਿਕਟਾਂ ਦੇ ਨੁਕਸਾਨ ਨਾਲ ਨਿਰਧਾਰਿਤ ਵੀਹ ਓਵਰਾਂ ਵਿਚ 297 ਦੌੜਾਂ ਬਣਾਈਆਂ ਹਨ ਤੇ ਬੰਗਲਾਦੇਸ਼ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤੇ ਰਿਆਨ ਪਰਾਗ ਨੇ ਤੂਫਾਨੀ ਪਾਰੀ ਖੇਡੀ ਤੇ ਭਾਰਤ ਲਈ ਆਖਰੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਜੁਟਾਈਆਂ। ਇਸ ਤੋਂ ਪਹਿਲਾਂ ਸੂਰਿਆ ਕੁਮਾਰ ਯਾਦਵ ਨੇ 35 ਗੇਂਦਾਂ ਵਿਚ 75 ਦੌੜਾਂ ਬਣਾਈਆਂ। ਰਿਆਨ ਪਰਾਗ ਨੇ 13 ਗੇਂਦਾਂ ਵਿਚ 34 ਤੇ ਪਾਂਡਿਆਂ ਨੇ 18 ਗੇਂਦਾਂ ਵਿਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਇਆ ਨਿਤਿਸ਼ ਰੈਡੀ ਆਪਣਾ ਖਾਤਾ ਵੀ ਖੋਲ੍ਹ ਨਾ ਸਕਿਆ। ਮੈਚ ਦੀ ਪਹਿਲੀ ਪਾਰੀ ਖਤਮ ਹੋਣ ਤਕ ਰਿੰਕੂ ਅੱਠ ਦੌੜਾਂ ਬਣਾ ਕੇ ਨਾਬਾਦ ਰਿਹਾ।
ਇਸ ਤੋਂ ਪਹਿਲਾਂ ਸੰਜੂ ਸੈਮਸਨ ਨੇ 40 ਗੇਂਦਾਂ ਵਿਚ ਸੌ ਦੌੜਾਂ ਮੁਕੰਮਲ ਕੀਤੀਆਂ ਤੇ ਉਹ 111 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਆਪਣੀ ਪਾਰੀ ਵਿਚ 11 ਚੌਕੇ ਤੇ ਅੱਠ ਛੱਕੇ ਮਾਰੇ। ਉਸ ਨੇ ਸੂਰਿਆ ਕੁਮਾਰ ਨਾਲ ਮਿਲ ਕੇ 173 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਤੇ ਬੰਗਲਾਦੇਸ਼ ਖਿਲਾਫ਼ ਲੜੀ ਦਾ ਇਹ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਦੋ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ ਹੈ। ਭਾਰਤ ਦੀ ਪਹਿਲੀ ਵਿਕਟ 23 ਦੌੜਾਂ ਦੇ ਸਕੋਰ ’ਤੇ ਅਭਿਸ਼ੇਕ ਸ਼ਰਮਾ ਵਜੋਂ ਡਿੱਗੀ ਜਿਸ ਨੇ ਚਾਰ ਦੌੜਾਂ ਬਣਾਈਆਂ ਤੇ ਉਸ ਨੂੰ ਤਨਜ਼ੀਮ ਸਾਕਿਬ ਨੇ ਮਹਿੰਦੀ ਹਸਨ ਹੱਥੋਂ ਕੈਚ ਆਊਟ ਕਰਵਾਇਆ। ਭਾਰਤ ਨੇ ਇਸ ਮੈਚ ਵਿਚ ਇਕ ਬਦਲਾਅ ਕੀਤਾ ਹੈ। ਇਸ ਮੈਚ ਵਿਚ ਅਰਸ਼ਦੀਪ ਸਿੰਘ ਦੀ ਥਾਂ ਰਵੀ ਬਿਸ਼ਨੋਈ ਨੂੰ ਮੌਕਾ ਦਿੱਤਾ ਗਿਆ ਹੈ।
Source link