
ਜਲੰਧਰ — ਪੰਜਾਬ ਸਰਕਾਰ ਨੇ ਸੂਬੇ ‘ਚ ਗੈਰ-ਕਾਨੂੰਨੀ ਰੂਪ ਨਾਲ ਚੱਲਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ‘ਤੇ ਸ਼ਿਕੰਜਾ ਕੱਸਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤਰ੍ਹਾਂ ਸਰਕਾਰ ਨੇ ਟਰਾਂਸਪੋਰਟ ਮਾਫੀਆ ‘ਤੇ ਨਕੇਲ ਕੱਸਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਜ਼ਿਕਰ ਕਾਂਗਰਸ ਨੇ ਆਪਣੇ ਚੁਣਾਵੀ ਘੋਸ਼ਣਾ ਪੱਤਰ ‘ਚ ਕੀਤਾ ਸੀ। ਨਾ ਸਿਰਫ ਬੱਸਾਂ ਸਗੋਂ ਹੋ ਵਾਹਨਾਂ ਜਿਵੇਂ ਟਰੱਕਾਂ, ਟਰੈਕਟਰ-ਟਰਾਲੀਆਂ ਨੂੰ ਵੀ ਹੁਣ ਨਿਯਮਾਂ ਦੇ ਮੁਤਾਬਕ ਚੱਲਣਾ ਹੋਵੇਗਾ।
ਸਾਬਕਾ ਸਰਕਾਰ ਦੇ ਸਮੇਂ ਸੂਬੇ ‘ਚ ਟਰਾਂਸਪੋਰਟ ਮਾਫੀਆ ਕਾਫੀ ਹਾਵੀ ਸੀ, ਜਿਸ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਗੈਰ-ਕਾਨੂੰਨੀ ਰੂਪ ਨਾਲ ਚੱਲਣ ਵਾਲੀਆਂ ਬੱਸਾਂ ‘ਤੇ ਸ਼ਿਕੰਜਾ ਕੱਸਣ। ਸੂਬੇ ‘ਚ ਇਸ ਸਮੇਂ ਕਈ ਸਿਆਸੀ ਹਸਤੀਆਂ ਦੀਆਂ ਬੱਸਾਂ ਚੱਲ ਰਹੀਆਂ ਹਨ ਅਤੇ ਉਹ ਟਾਈਮ ਟੇਬਲ ਦੀ ਵੀ ਪਰਵਾਹ ਨਹੀਂ ਕਰਦੀਆਂ ਹਨ। ਇਹ ਮਾਮਲਾ ਕਈ ਵਾਰ ਪੰਜਾਬ ਰੋਡਵੇਜ਼ ਦੀਆਂ ਯੂਨੀਅਨਾਂ ਵੀ ਚੁੱਕ ਚੁੱਕੀਆਂ ਹਨ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਸਿਆਸੀ ਹਸਤੀਆਂ ਦੀਆਂ ਬੱਸਾਂ ‘ਤੇ ਵੀ ਗਾਜ ਡਿੱਗ ਸਕਦੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੋਟਰ ਵਹੀਕਲ ਐਕਟ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਸਬੰਧ ‘ਚ ਕਿਸੇ ਵੀ ਢਿੱਲ ਨੂੰ ਸਹਿਣ ਕਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਉਲੰਘਣਾ ਕਰਨ ਵਾਲੇ ਕਿਸੇ ਵੀ ਆਦਮੀ ਨੂੰ ਨਾ ਬਖਸ਼ਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਦੇ ਹੁਕਮਾਂ ‘ਤੇ ਟਰਾਂਸਪੋਰਟ ਵਿਭਾਗ ਨੇ ਅੱਜ ਸਾਰੇ ਖੇਤਰੀ ਟਰਾਂਸਪੋਰਟ ਅਧਿਕਾਰੀਆਂ ਅਤੇ ਜ਼ਿਲਾ ਟਰਾਂਸਪੋਰਟ ਅਧਿਕਾਰੀਆਂ ਨੂੰ ਇਹ ਸੰਦੇਸ਼ ਭੇਜ ਕੇ ਕਿਹਾ ਹੈ ਕਿ ਹਰ ਇਕ ਬੱਸ ਦਾ ਟਾਈਮ ਟੇਬਲ ਚੈਕ ਕੀਤਾ ਜਾਵੇ ਅਤੇ ਉਸ ਮੁਤਾਬਕ ਉਨ੍ਹਾਂ ਨੂੰ ਚੱਲਣ ਦੇ ਹੁਕਮ ਦਿੱਤੇ ਜਾਣ। ਟਾਈਮ ਟੇਬਲ ਚੈਕ ਕਰਨ ਲਈ ਟਰਾਂਸਪੋਰਟ ਵੱਲੋਂ ਹੁਣ ਇਨਫੋਰਸਮੈਂਟ ਟੀਮਾਂ ਨੂੰ ਗਰਾਊਂਡ ‘ਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਆਰ. ਟੀ. ਏ. ਅਤੇ ਡੀ. ਅੀ. ਓਜ਼ ਇਸ ਸਬੰਧ ‘ਚ ਵਿਆਪਕ ਰਿਪੋਰਟ ਐਸ. ਟੀ. ਸੀ. ਦਫਤਰ ਨੂੰ ਭੇਜਣਗੇ।
ਇਸ ਤਰ੍ਹਾਂ ਨਾਲ ਵਪਾਰਕ ਕੰਮਾਂ ਲਈ ਗੈਰ-ਕਾਨੂੰਨੀ ਰੂਪ ਨਾਲ ਚੱਲ ਰਹੀਆਂ ਟਰੈਕਟਰ ਟਰਾਲੀਆਂ ਨੂੰ ਵੀ ਨਿਯਮਾਂ ਮੁਤਾਬਕ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਕਰਨ ਨਾਲ ਟਰੈਕਟ ਟਰਾਲੀਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਿਆ ਜਾਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲਦੀ ਹੀ ਨਵੀਂ ਟਰਾਂਸਪੋਰਟ ਨੀਤੀ ਵੀ ਸਰਕਾਰ ਵੱਲੋਂ ਸਰਵਜਨਿਕ ਕਰ ਦਿੱਤੀ ਜਾਵੇਗੀ। ਉਦੋਂ ਤੱਕ ਮੁੱਖ ਮੰਤਰੀ ਨੇ ਸਾਰੇ ਟਰਾਂਸਪੋਟਰ ਅਧਿਕਾਰੀਆਂ ਨੂੰ ਸਖਤੀ ਨਾਲ ਨਿਯਮਾਂ ਦੀ ਸੜਕਾਂ ‘ਤੇ ਪਾਲਣਾ ਕਰਾਉਣ ਦੇ ਹੁਕਮ ਦਿੱਤੇ ਹਨ।