Home / Punjabi News / ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 177ਵੇਂ ਸ਼ਹੀਦੀ ਦਿਹਾੜੇ ’ਤੇ ਰਾਜ ਪੱਧਰੀ ਸਮਾਗਮ

ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 177ਵੇਂ ਸ਼ਹੀਦੀ ਦਿਹਾੜੇ ’ਤੇ ਰਾਜ ਪੱਧਰੀ ਸਮਾਗਮ

ਦਿਲਬਾਗ ਸਿੰਘ ਗਿੱਲ

ਅਟਾਰੀ, 10 ਫਰਵਰੀ

ਪੰਜਾਬ ਸਰਕਾਰ ਵੱਲੋਂ ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ 177ਵਾਂ ਸ਼ਹੀਦੀ ਦਿਹਾੜਾ ਅਟਾਰੀ ਸਥਿਤ ਉਨ੍ਹਾਂ ਦੀ ਯਾਦਗਾਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਤੇ ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਸ਼ਾਮਲ ਹੋਏ। ਸ੍ਰੀ ਕੁਲਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਕਰਨਲ ਅੰਮਿਤ ਤ੍ਰਿਪਾਠੀ ਜੀਓਸੀ 15 ਇਨਫੈਂਟਰੀ ਡਵੀਜ਼ਨ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਹਰਪ੍ਰੀਤ ਸਿੰਘ ਐੱਸਡੀਐੱਮ ਅੰਮ੍ਰਿਤਸਰ-2, ਜਸਕਰਨ ਸਿੰਘ ਤਹਿਸੀਲਦਾਰ ਅੰਮ੍ਰਿਤਸਰ, ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ, ਦਿਨੇਸ਼ ਸਿੰਘ ਸਿੱਧੂ ਅਟਾਰੀ ਅਤੇ ਹਰਪ੍ਰੀਤ ਸਿੰਘ ਸਿੱਧੂ ਅਟਾਰੀ ਨੇ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਵਾਨਾਂ ਵੱੱਲੋਂ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ।

ਇਸ ਮੌਕੇ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਮਹਾਨ ਜਰਨੈਲ ਦੇ ਪਿੰਡ ਅਟਾਰੀ ਨੂੰ ਪੰਜਾਬ ਦਾ ਪਹਿਲਾ ਸਮਾਰਟ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਆਪਣੇ ਅਖਤਿਆਰੀ ਫੰਡਜ਼ ਵਿੱਚੋਂ ਪਿੰਡ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ‘ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਹਾਦਤ ਬਾਰੇ ਦੱਸਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ। ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਹਰ ਸਾਲ ਇਸ ਦਿਹਾੜੇ ਨੂੰ ਰਾਜ ਪੱਧਰੀ ਤੌਰ ‘ਤੇ ਮਨਾਵੇਗੀ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਅਟਾਰੀ ਸਥਿਤ ਸਮਾਧ ‘ਤੇ ਰਖਾਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ ਪੁੱਜੇ ਰਾਗੀ ਜਥੇ ਨੇ ਕੀਰਤਨ ਕੀਤਾ। ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ-ਵੱਖ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਬਿਰਤਾਂਤ ਸੁਣਾਇਆ। ਇਸ ਮੌਕੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਪ੍ਰਧਾਨ ਕਰਨਲ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਸਿੱਧੂ ਤੇ ਟਰੱਸਟੀਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਨੇ ਪੰਜਾਬ ਸਰਕਾਰ ਵੱਲੋਂ ਟਰੱਸਟੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਰਨਲ ਹਰਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ 10 ਫਰਵਰੀ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਕੀਤੀ ਜਾਵੇ ਤੇ ਰਾਜ ਪੱਧਰੀ ਸਮਾਗਮ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਇਸ ਮੌਕੇ ਅਟਾਰੀਵਾਲਾ ਪਰਿਵਾਰ ਦੇ ਮੈਂਬਰ ਬਰਿੰਦਰ ਸਿੰਘ, ਜਨਰਲ ਸਕੱਤਰ ਸ੍ਰੀ ਹਰਪ੍ਰਿਤ ਸਿੰਘ ਸਿੱਧੂ, ਬੀਬਾ ਅਮਿਤੇਸ਼ਵਰ ਕੌਰ, ਬੀਬਾ ਜਸਪ੍ਰੀਤ ਕੌਰ, ਬੀਬਾ ਸੰਦੀਪ ਕੌਰ, ਦਿਨੇਸ਼ ਸਿੰਘ ਸਿੱਧੂ, ਆਪ ਨੇਤਾ ਸਤਪਾਲ ਸੋਖੀ ਅਤੇ ਸਟੇਜ਼ ਸਕੱਤਰ ਇੰਦਰਜੀਤ ਸਿੰਘ ਕਾਹਲੋਂ ਤੋਂ ਇਲਾਵਾ ਕੰਵਰ ਕਰਵਿੰਦਰਪਾਲ ਸਿੰਘ, ਕੰਵਰ ਦਵਿੰਦਰਪਾਲ ਸਿੰਘ, ਸਰਪੰਚ ਮਨਜੀਤ ਸਿੰਘ, ਹਰਜਿੰਦਰਪਾਲ ਸਿੰਘ, ਡਾ. ਸੰਦੀਪ ਸਿੰਘ ਸਿੱਧੂ, ਬੀਰਇੰਦਰ ਸਿੰਘ ਸਿੱਧੂ, ਮੈਨੇਜ਼ਰ ਜਸਵੰਤ ਸਿੰਘ, ਅਮਰੀਕਾ ਤੋਂ ਸ੍ਰੀ ਜਸਵੰਤ ਸਿੰਘ ਘਰਿੰਡਾ ਹਾਜ਼ਰ ਸਨ।


Source link

Check Also

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ …