
ਚੰਡੀਗਡ਼ : ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਵਿਧਾਨ ਸਭਾ ਚੋਣਾਂ ਵਿਚ ਜਨਤਾ ਵਲੋਂ ਦਿੱਤੇ ਫਤਵੇ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਲੋਕਤੰਤਰ ਵਿਚ ਜਨਤਾ ਦਾ ਫੈਸਲਾ ਸਰਵ ਉੱਚ ਹੈ ਅਤੇ ਆਮ ਆਦਮੀ ਪਾਰਟੀ ਇਸਨੂੰ ਖਿਡ਼ੇ ਮੱਥੇ ਸਵੀਕਾਰ ਕਰਦੀ ਹੈ।
ਸ਼ਨਿਵਾਰ ਨੂੰ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ ਅਤੇ ਸਾਹਮਣੇ ਆਉਣ ਵਾਲੀਆਂ ਕਮਿਆਂ ਨੂੰ ਭਵਿੱਖ ਵਿਚ ਦੂਰ ਕਰੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਦੇਸ਼ ਦੀ ਰਾਤਨੀਤਿਕ ਵਿਵਸਥਾ ਵਿਚ ਸਫਾਈ ਕਰਨ ਲਈ ਜੋ 3 ਸਾਲ ਪਹਿਲਾਂ ਇਨਕਲਾਬੀ ਅੰਦੋਲਨ ਸ਼ੁਰੂ ਕੀਤਾ ਸੀ ਉਹ ਜਾਰੀ ਰਹੇਗਾ। ਗੁਰਪ੍ਰੀਤ ਸਿੰਘ ਵਡ਼ੈਚ ਨੇ ਪਾਰਟੀ ਦੇ ਹਰ ਇਕ ਵਲੰਟੀਅਰ, ਸਮਰਥੱਕ ਅਤੇ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੇ ਥੋਡ਼ੇ ਸਮੇਂ ਵਿਚ ਵੱਡੀਆਂ ਰਿਵਾਇਤੀ ਪਾਰਟੀਆਂ ਨੂੰ ਚੁਣੌਤੀ ਦੇ ਕੇ ਪੰਜਾਬ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵਜੋਂ ਜੋ ਸਥਾਨ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਉਸ ਲਈ ਪੰਜਾਬ ਦੀ ਜਨਤਾ, ਪਾਰਟੀ ਦੇ ਵਲੰਟੀਅਰ ਅਤੇ ਆਗੂ ਵਧਾਈ ਦੇ ਪਾਤਰ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵਿਰੋਧੀ ਧਿਰ ਵਜੋਂ ਆਪਣੇ ਫਰਜਾਂ ਨੂੰ ਜਿੰਮੇਵਾਰੀ ਨਾਲ ਨਿਭਾਏਗੀ।
ਗੁਰਪ੍ਰੀਤ ਸਿੰਘ ਵਡ਼ੈਚ ਨੇ ਪੰਜਾਬ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ। ਉਨਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕਰਕੇ ਕਾਂਗਰਸ ਨੇ ਸੱਤਾ ਹਾਸਿਲ ਕੀਤੀ ਹੈ ਉਨਾਂ ਉਤੇ ਖਰਾ ਉਤਰੇਗੀ।