Breaking News
Home / Community-Events / ਚਿੜੀਆਂ ਹੋਈਆਂ ਕੱਠੀਆਂ, ਅੰਬਰੋਂ ਰਿਸ਼ਮਾਂ ਲੱਥੀਆਂ

ਚਿੜੀਆਂ ਹੋਈਆਂ ਕੱਠੀਆਂ, ਅੰਬਰੋਂ ਰਿਸ਼ਮਾਂ ਲੱਥੀਆਂ

ਚਿੜੀਆਂ ਹੋਈਆਂ ਕੱਠੀਆਂ, ਅੰਬਰੋਂ ਰਿਸ਼ਮਾਂ ਲੱਥੀਆਂ


ਨਾਮੁਰਾਦ ਕੋਵਿਡ ਦੀਆਂ ਸਵਾ ਸਾਲ ਦੀਆਂ ਪਾਬੰਦੀਆਂ ਦੀ ਕੈਦ ਤੋਂ ਮੁਕਤ ਹੋ ਕੈਲਗਰੀ ਦੇ ਪਾਰਕਾਂ ਵਿੱਚ ਰੌਣਕਾਂ ਲਗ ਰਹੀਆਂ ਹਨ। ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਨੇ ਆਪਣੀ ਮਹੀਨਾਵਾਰ ਮੀਟਿੰਗ ਲਈ ਪਰੇਰੀ ਵਿੰਡ ਪਾਰਕ ਦੇ ਰੁੱਖਾਂ ਦੀ ਠੰਢੀ ਛਾਂ ਹੇਠ ਹਰੀ ਹਰੀ ਘਾਹ ਚੁਣੀ। ਪੱਚੀ ਤੀਹ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਕੁਝ ਕੁ ਨੇ ਆਪਣੇ ਨਾਲ ਲਿਆਂਦੀਆਂ ਕੁਰਸੀਆਂ ਅਤੇ ਬਾਕੀਆਂ ਨੇ ਘਾਹ ਤੇ ਬੈਠ ਮੀਟਿੰਗ ਦਾ ਆਨੰਦ ਮਾਣਿਆ। ਪ੍ਰਧਾਨ ਬਲਵਿੰਦਰ ਬਰਾੜ ਨੇ ਕਰੋਨਾ ਦੇ ਦੁਖਦਾਈ ਖ਼ੌਫ਼ ਭਰੇ ਲੰਮੇ ਅੰਤਰਾਲ ਬਾਦ ਖੁੱਲ੍ਹੇ ਅਸਮਾਨ ਹੇਠਾਂ ਇੱਕਠੇ ਹੋ ਮਿਲ ਬੈਠਣ ਤੇ ਸਭ ਨੂੰ ਜੀ ਅਇਆਂ ਕਿਹਾ ਅਤੇ ਕੁਦਰਤ ਦੇ ਸੁਹੱਪਣ ਨਾਲ ਸਰਸ਼ਾਰ ਸਾਉਣ ਮਹੀਨੇ ਦੇ ਸ਼ੁਭ ਆਗਮਨ ਦਾ ਸੁਆਗਤ ਕੀਤਾ। ਮੀਟਿੰਗ ਦਾ ਸੰਚਾਲਨ ਕਰ ਰਹੇ ਹਰਮਿੰਦਰ ਚੁੱਗ ਨੇ ਹਾਜ਼ਰ ਭੈਣਾਂ ਨੂੰ ਆਪਣੇ ਮਨ ਦੇ ਵਲਵਲੇ ਸਾਂਝੇ ਕਰਨ ਲਈ ਵਾਰੀ ਵਾਰੀ ਸੱਦਾ ਦਿੱਤਾ। ਸਰਬਜੀਤ ਉੱਪਲ ਨੇ ਬੋਲੀਆਂ ਪਾ ਕੇ ਸਾਉਣ ਮਹੀਨੇ ਦੀ ਇਸ ਮੀਟਿੰਗ ਦੀ ਸ਼ੁਰੂਆਤ ਕੀਤੀ। ਸੁਖਜੀਤ ਸੈਣੀ ਨੇ ਅੱਜ ਦੀ ਮੀਟਿੰਗ ਨੂੰ ਸਮਰਪਤ ਆਪਣੇ ਬੋਲ,‘ਨੀ ਚਿੜੀਆਂ ਹੋਈਆਂ ਕੱਠੀਆਂ, ਜਿੰਵੇਂ ਕੋਈ ਅੰਬਰੋਂ ਰਿਸ਼ਮਾਂ ਲੱਥੀਆਂ’ ਸੁਣਾ ਕੁੜੀਆਂ ਦੀ ਚਿੜੀਆਂ ਨਾਲ ਕੀਤੀ ਜਾਣ ਵਾਲੀ ਤੁਲਨਾ ਪੇਸ਼ ਕਰ ਰੰਗ ਬਿਰੰਗੇ ਸੂਟਾਂ ਵਿੱਚ ਸਜੀਆਂ ਬੁੱੜੀਆਂ ਆਖੀਆਂ ਜਾਣ ਵਾਲੀਆਂ ਔਰਤਾਂ ਅੰਦਰ ਲੱਡੂ ਫੁੱਟਣ ਲਾ ਦਿੱਤੇ।
ਗੁਰਚਰਨ ਥਿੰਦ ਨੇ ਕੋਵਿਡ-ਕਾਲ ਦੌਰਾਨ ਘਰਾਂ ਅੰਦਰ ਬੰਦ ਰਹਿਣ ਕਾਰਨ ਹੋਣ ਵਾਲੇ ਦਿਮਾਗੀ ਤਨਾਅ ਦੀ ਗੱਲ ਕਰਦੇ ਕਿਹਾ ਕਿ ਵੱਡੀ ਉਮਰ ਦੀਆਂ ਔਰਤਾਂ ਵੀ ਇਸ ਦਿਮਾਗੀ ਤਨਾਅ ਤੋਂ ਪ੍ਰਭਾਵਿਤ ਹੋਈਆਂ ਹਨ। ਇਸ ਤਨਾਅ ਦਾ ਪ੍ਰਬੰਧਨ ਕਰਨ ਸਬੰਧੀ ਨਾਰਥ ਆਫ਼ ਮੈਕਨਾਈਟ ਕਮਿਊਨੀਟੀਜ਼ ਸੋਸਾਇਟੀ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟ ਸਬੰਧੀ ਜਾਣਕਾਰੀ ਦੇਣ ਲਈ ਲਲਿਤਾ ਜੀ ਨੂੰ ਸੱਦਾ ਦਿੱਤਾ। ਲਲਿਤਾ ਜੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਲਈ ਪ੍ਰੇਰਿਆ। ਅੱਜ ਦੀ ਮੀਟਿੰਗ ਵਿੱਚ ਸਾਦਾਤ ਰੁਬੀਨਾ ਨੇ ਆਪਣੀ ਰਚਨਾ, “ਮੁਹੱਬਤੋਂ ਕੇ ਸਫ਼ੀਰ ਬਨਕਰ ਅਮਨ ਕੀ ਆਸ਼ਾ ਜਲਾ ਕਰ ਦੇਖੋ, ਜੋ ਸ਼ਾਮ ਕੋ ਬੁਝਾ ਦੀਏ ਥੇ ਵੋ ਦੀਏ ਸਾਰੇ ਜਲਾ ਕਰ ਦੇਖੋ।” ਪੇਸ਼ ਕਰ ਪੂਰਬੀ ਤੇ ਪੱਛਮੀ ਪੰਜਾਬ ਦੇ ਰੌਸ਼ਨ ਭਵਿੱਖ ਦੀ ਦੁਆ ਕੀਤੀ। ਸੁਰਿੰਦਰ ਸੰਧੂ ਜੀ ਨੇ, “ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਵਿੱੱਚ ਤਕਦੀਰ ਪੰਜਾਬੀਆਂ ਦੀ।” ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਕਵੀਸ਼ਰੀ ਆਪਣੀ ਬੁਲੰਦ ਅਵਾਜ਼ ਵਿੱਚ ਸੁਣਾ ਕੇ ਵਾਹ ਵਾਹ ਖੱਟ ਲਈ।


ਸ਼ਵਿੰਦਰ ਕੌਰ ਨੇ ਖੰਘੂਰਾ ਮਾਰ ਕੇ ਅੰਦਰ ਵੜ੍ਹਨ ਵਾਲੇ ਬਾਪੂ ਦੇ ਖੰਘੂਰਾ ਮਾਰਨ ਕਾਰਨ ਕਰੋਨਾ ਦਾ ਮਰੀਜ਼ ਸਮਝੇ ਜਾਣ ਦਾ ਦੁਖਾਂਤ ਦਰਸਾਉਂਦੀ ਵਿਅੰਗ ਰਚਨਾ ਸੁਣਾ ਕੇ ਹਾਸਾ ਪਾ ਦਿੱਤਾ। ਸੁਰਜੀਤ ਢਿਲੋਂ ਨੇ ਅਜੋਕੀ ਦੁਨੀਆਂ ਵਿੱਚ ਸਾਰੇ ਗੋਰਖ ਧੰਦਿਆਂ ਲਈ ਬੰਦੇ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ‘ਗੋਰਖ ਧੰਦਾ’ ਕਵਿਤਾ ਸੁਣਾਈ॥ ਹਰਚਰਨ ਬਾਸੀ ਨੇ ਲੋਕ ਗੀਤ, ਸੁਰਿੰਦਰ ਵਿਰਦੀ ਨੇ ਵਧਦੀ ਉਮਰ ਦੇ ਹਰ ਪਲ ਦਾ ਆਨੰਦ ਮਾਨਣ ਦਾ ਹੋਕਾ ਦਿੰਦੀ ਆਸ਼ਾਵਾਦੀ ਰਚਨਾ, ਅਮਰਜੀਤ ਵਿਰਦੀ ਨੇ ਫਿਲਮੀ ਗੀਤ ਅਤੇ ਹਰਮਿੰਦਰ ਚੱੁਗ ਨੇ ਖੂਬਸੂਰਤ ਅਵਾਜ਼ ਵਿੱਚ ਅਜ਼ਾਦੀ ਨੂੰ ਮੁਖਾਤਬ ਗੀਤ, “ਸੁਣ ਨੀ ਅਜ਼ਾਦੀਏ ਸਾਥੋਂ ਦਰਦ ਨਾ ਜਾਏ ਸੁਣਾਇਆ, ਇੱਕ ਅਰਸੇ ਤੋਂ ਅੜੀਏ ਨੀ ਤੰੂ ਸਿਦਕ ਸਾਡਾ ਅਜ਼ਮਾਇਆ।” ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਹਰਦੇਵ ਮਾਟਾ ਅਤੇ ਗੁਰਜੀਤ ਬੈਦਵਾਨ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਗੁੁਰਚਰਨ ਥਿੰਦ ਵਲੋਂ ਸ਼ੁਰੂ ਕੀਤੇ ‘ਵੇ ਲੈਦੇ ਮੈਨੂੰ ਮਖ਼ਮਲ ਦੀ ਪੱਖ ਘੁੰਗਰੂਆਂ ਵਾਲੀ ਪੱਖੀ’ ਸੁਰਿੰਦਰ ਕੌਰ ਦੇ ਗਾਏ ਗੀਤ ਨੂੰ ਸਮੂਹ ਗਾਨ ਵਾਂਗ ਸਭ ਨੇ ਮਿਲ ਕੇ ਗਾਇਆ ਅਤੇ ਬੋਲੀਆਂ ਪਾ ਕੁਝ ਦੇਰ ਸਾਉਣ ਮਹੀਨੇ ਦੇ ਗਿੱਧੇ ਦਾ ਆਨੰਦ ਮਾਣਿਆ। ਇੰਜ ਠੰਡੇ ਪੀਂਦਿਆਂ, ਲੱਡੂ, ਵੇਸਣ ਤੇ ਨਮਕੀਨ ਦਾ ਸੁਆਦ ਮਾਣਦਿਆਂ, ਹੱਸਦਿਆਂ ਖੇਡਦਿਆਂ ਲੰਮਾ ਸਮਾਂ ਹੰਢਾਈ ਇਕੱਲਤਾ ਨੂੰ ਅਲਵਿਦਾ ਆਖ ਮੀਟਿੰਗ ਦੀ ਸਮਾਪਤੀ ਹੋਈ। ਬਲਵਿੰਦਰ ਬਰਾੜ ਵਲੋਂ ਅਗਲੇ ਮਹੀਨੇ ਇੱਕ ਰੋਜ਼ਾ ਪਿਕਨਿਕ ਤੇ ਜਾਣ ਦੀ ਅਨਾਊਂਸਮੈਂਟ ਦੀ ਖੁਸ਼ੀ ਪੱਲੇ ਬੰਨ੍ਹੀ ਸਾਰੇ ਜਣੇ ਖੁਸ਼ੀ ਖੁਸ਼ੀ ਰੁਖ਼ਸਤ ਹੋ ਗਏ।

ਰਿਪੋਰਟ ਕਰਤਾ
ਗੁਰਚਰਨ ਕੌਰ ਥਿੰਦ
ਫੋਨ: 403-402-9635

Check Also

Sikh Federation remembered Amarjit Sra

Sikh Federation remembered Amarjit Sra

Edmonton(ATB): “I am really overwhelmed that Sikh Federation bestowed honouron my husband (Late), Amarjit Singh …