
ਜਲੰਧਰ— ਦੇਸ਼ ਭਰ ‘ਚ ਗੁੱਤਾਂ ਕੱਟਣ ਦੀਆਂ ਵਾਪਰ ਰਹੀਆਂ ਵਾਰਦਾਤਾਂ ਨਾਲ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਔਰਤਾਂ ਦੀਆਂ ਗੁੱਤਾਂ ਕੱਟਣ ਵਾਲੀਆਂ ਘਟਨਾਵਾਂ ‘ਚ ਸ਼ੁੱਕਰਵਾਰ ਨੂੰ ਹੋਰ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੀ ਤਾਜ਼ਾ ਘਟਨਾ ਜਲੰਧਰ ਦੇ ਦਿਲਬਾਗ ਨਗਰ ਅਤੇ ਰਾਮ ਨਗਰ ‘ਚ ਦੇਖਣ ਨੂੰ ਮਿਲੀ। ਦਿਲਬਾਗ ਨਗਰ ਨਿਵਾਸੀ ਹਿਨਾ ਪਤਨੀ ਹਰਜੀਤ ਜੋਕਿ ਘਰ ਹੀ ਬੈਠੀ ਸੀ, ਅਚਾਨਕ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਗੁੱਤ ਕੱਟੀ ਗਈ ਹੈ, ਇਸੇ ਤਰ੍ਹਾਂ ਬਲਜੀਤ ਪਤਨੀ ਸੋਨੂੰ ਨਿਵਾਸੀ ਰਾਮ ਨਗਰ ਘਰ ‘ਚ ਮੌਜੂਦ ਸੀ, ਦੀ ਵੀ ਰਹੱਸਮਈ ਤਰੀਕੇ ਨਾਲ ਗੁੱਤ ਕੱਟੀ ਗਈ। ਗੁੱਤਾਂ ਕੱਟਣ ਦੇ ਬਾਅਦ ਦੋਵੇਂ ਔਰਤਾਂ ਸਦਮੇ ‘ਚ ਚਲੀਆਂ ਜਾਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਡਾ. ਰਾਜ ਕੁਮਾਰ ਬੱਧਨ ਨੇ ਕੀਤਾ।
ਓਧਰ ਔਰਤਾਂ ਨਾਲ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਹਰ ਪਾਸੇ ਚਰਚਾ ਸੁਣਨ ਨੂੰ ਮਿਲ ਰਹੀ ਹੈ, ਕੋਈ ਕਹਿ ਰਿਹਾ ਹੈ ਕਿ ਚਾਈਨਾ ਨੇ ਕੀੜਾ ਛੱਡਿਆ ਹੈ, ਜਿਹੜਾ ਔਰਤਾਂ ਨੂੰ ਸ਼ਿਕਾਰ ਬਣਾ ਕੇ ਭਾਰਤ ‘ਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨਾਲ ਇਹ ਘਟਨਾਵਾਂ ਹੋਈਆਂ ਹਨ ਉਹ ਸ਼ਾਇਦ ਐਕਸਪਾਇਰ ਸ਼ੈਂਪੂ ਦੀ ਵਰਤੋਂ ਕਰ ਚੁੱਕੀਆਂ ਹਨ। ਹਾਲਾਂਕਿ ਕੁਝ ਤਾਂ ਇਸ ਨੂੰ ਭੂਤ ਕਹਿਣ ਦੇ ਨਾਲ ਤੰਤਰ-ਮੰਤਰ ਵਿਦਿਆ ਦੀ ਵਰਤੋਂ ਹੋਣ ਵਾਲੀ ਵੀ ਗੱਲ ਕਰ ਰਹੇ ਹਨ। ਕੁਝ ਮਹਾਬੁੱਧੀ ਲੋਕਾਂ ਦੀ ਮੰਨੀ ਜਾਵੇ ਤਾਂ ਮਹਾਨਗਰ ‘ਚ ਸਰਗਰਮ ਸ਼ਰਾਰਤੀ ਲੋਕ ਅਜਿਹਾ ਕਰ ਰਹੇ ਹਨ, ਜੋ ਕਿਸੇ ਕੈਮੀਕਲ ਦੀ ਮਦਦ ਨਾਲ ਔਰਤਾਂ ਦੀਆਂ ਗੁੱਤਾਂ ਕੱਟਣ ਦਾ ਕੰਮ ਕਰਦੇ ਹਨ।
ਔਰਤਾਂ ਨੂੰ ਚੌਕੰਨਾ ਰਹਿਣ ਚਾਹੀਦਾ ਹੈ ਅਤੇ ਬਾਜ਼ਾਰ ਜਾਂਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪੁਲਸ ਵੀ ਇਸ ਮਾਮਲੇ ‘ਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਮੁਖਬਰਾਂ ਦੀ ਮਦਦ ਵੀ ਲੈ ਰਹੀ ਹੈ। ਪੁਲਸ ਅਧਿਕਾਰੀਆਂ ਦੇ ਦਿਮਾਗ ‘ਚ ਇਹ ਗੱਲ ਚਲ ਰਹੀ ਹੈ ਕਿ ਕੋਈ ਗੈਂਗ ਹੀ ਅਜਿਹਾ ਕੰਮ ਕਰ ਰਿਹਾ ਹੈ।