
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ਲਈ ਕੇਂਦਰ ਕੋਲੋਂ ਸਹਿਯੋਗ ਮੰਗਿਆ ਹੈ। ਇਸ ਦੇ ਲਈ ਰੰਧਾਵਾ ਵਲੋਂ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ, ਬਾਰਡਰ ਮੈਨਜਮੈਂਟ ਬੀ. ਆਰ. ਸ਼ਰਮਾ ਨਾਲ ਮੁਲਾਕਾਤ ਕੀਤੀ ਹੈ। ਰੰਧਾਵਾ ਨੇ 67 ਕਰੋੜ ਰੁਪਏ ਦੀ ਲਾਗਤ ਨਾਲ ‘ਆਈਡੀਆ ਆਫ ਇੰਡੀਆ’ ‘ਤੇ ਆਧਾਰਿਤ ‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ‘ਤੇ ਜ਼ੋਰ ਦਿੱਤਾ, ਜੋ ਕਰਤਾਰਪੁਰ ਲਾਂਘਾ ਪ੍ਰਾਜੈਕਟ ਦੇ ਹਿੱਸੇ ਵਜੋਂ ਭਾਰਤ ਦੇ ਬਹੁਪੱਖੀ ਸੱਭਿਆਚਾਰ ਅਤੇ ਸੰਵਾਦ ਨੂੰ ਦਰਸਾਵੇਗੀ।
ਇਸ ਬਗੀਚੀ ‘ਚ 35 ਸੰਤਾਂ ਨੂੰ ਸਮਰਪਿਤ 15 ਗਿਆਨ ਕੇਂਦਰ ਹੋਣਗੇ। ਇਨ੍ਹਾਂ ‘ਚ ਸੰਤਾਂ ਦੇ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਰਚਨਾਤਮਕ ਰੂਪ ‘ਚ ਪੇਸ਼ ਕੀਤਾ ਜਾਵੇਗਾ। ਬਾਰਡਰ ਮੈਨਜਮੈਂਟ ਦੇ ਸਕੱਤਰ ਬੀ. ਆਰ. ਸ਼ਰਮਾ ਨੇ ਰੰਧਾਵਾ ਵਲੋਂ ਚੁੱਕੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਕੇਂਦਰ ਸਰਕਾਰ ਵਲੋਂ ਪੁਰੀ ਸਹਾਇਤਾ ਦਾ ਭਰੋਸਾ ਦਿੱਤਾ।