
ਪਟਿਆਲਾ : ਗਾਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਕੋਰਟ ਵੱਲੋਂ ਪੰਜਾਹ ਹਜ਼ਾਰ ਮੁਚਲਕੇ ‘ਤੇ ਸ੍ਰੀ ਬਰਾੜ ਨੂੰ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਜਿਸ ਦੇ ਚੱਲਦਿਆਂ ਦੇਰ ਸ਼ਾਮ ਤੱਕ ਸ੍ਰੀ ਬਰਾੜ ਦੀ ਜੇਲ੍ਹ ਚੋਂ ਰਿਹਾਈ ਹੋ ਸਕਦੀ ਹੈ।
ਸ੍ਰੀ ਬਰਾੜ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਅੱਜ ਸੈਸ਼ਨ ਕੋਰਟ ਵਿੱਚ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਅਦਾਲਤ ਵੱਲੋਂ ਪਵਨਦੀਪ ਸਿੰਘ ਉਰਫ ਸ੍ਰੀ ਬਰਾੜ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਸ੍ਰੀ ਬਰਾੜ ਦਾ ਪਾਸਪੋਰਟ ਜ਼ਬਤ ਅਤੇ ਭਵਿੱਖ ਵਿੱਚ ਅਜਿਹੇ ਗੀਤ ਲਿਖਣ ਜਾਂ ਫਿਰ ਨਾ ਗਾਉਣ ਦੀ ਸਖ਼ਤ ਹਦਾਇਤ ਕੀਤੀ ਹੈ।
ਦੱਸ ਦੇਈਏ ਕਿ ਗੀਤ ‘ਜਾਨ’ ਦੇ ਗੀਤਕਾਰ ਤੇ ਗਾਇਕ ਸ੍ਰੀ ਬਰਾੜ ਸਮੇਤ ਗੀਤ ਦੇ ‘ਕਰਿਊ’ ਖ਼ਿਲਾਫ਼ ਸਿਵਲ ਲਾਈਨਜ਼, ਪੁਲਿਸ ਸਟੇਸ਼ਨ ਪਟਿਆਲਾ ਵਿਖੇ ਮਿਤੀ 3 ਜਨਵਰੀ, 2021 ਨੂੰ ਆਪਣੇ ਭੜਕਾਹਟ ਭਰੇ ਗਾਣੇ ’ਚ ਹਿੰਸਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਤੋਂ ਅੱਗੇ ਮੁਜਰਿਮਾਂ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਨਾਭਾ ਜੇਲ੍ਹ ਤੋੜਨ ਲਈ ਉਕਸਾਉਣ ’ਤੇ ‘ਪੁਲਿਸ ਇੰਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922’ ਦੀ ਧਾਰਾ 3, ਭਾਰਤੀ ਦੰਡ ਵਿਧਾਨ ਦੀ ਧਾਰਾ 500, 501,502,505,115,116,120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ।