
ਜਲੰਧਰ/ਰੂਪਨਗਰ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰੂਪਨਗਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਪੀਕਰ ਰਾਣਾ ਕੇ. ਪੀ. ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਹਾਲਾਤ ਦਾ ਜਾਇਜ਼ ਲਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਹਾਲਾਤ ਆਮ ਹੋਣ ਦਾ ਭਰੋਸਾ ਦਿੱਤਾ। ਕੈਪਟਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 100 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਲੀਹਾਂ ‘ਤੇ ਲਿਆਉਣ ਲਈ ਸਰਕਾਰ ਵੱਲੋਂ ਉਚਿੱਤ ਕਦਮ ਚੁੱਕੇ ਜਾਣਗੇ ਅਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਸਰਕਾਰ ਵੱਲੋਂ ਭਰਪਾਈ ਕੀਤੀ ਜਾਵੇਗੀ ਇਸ ਦੌਰਾਨ ਉਹ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਵੀ ਮਿਲੇ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਪੰਜਾਬ ‘ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ। ਪੰਜਾਬ ‘ਚ ਪਾਣੀ-ਪਾਣੀ ਹੋਣ ਕਰਕੇ ਹੜ੍ਹ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਰੂਪਨਗਰ ਹੈੱਡਵਰਕਸ ਤੋਂ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜ਼ੋਰਦਾਰ ਬਾਰਿਸ਼ ਦੇ ਕਾਰਨ ਐਤਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ।