Home / World / ਕੈਪਟਨ ਅਮਰਿੰਦਰ ਵਲੋਂ ਚੋਣ ਮਨੋਰਥ ਪੱਤਰ ਦਾ ਵਿਸਥਾਰ ਅਰਥਹੀਣ : ਵੜੈਚ

ਕੈਪਟਨ ਅਮਰਿੰਦਰ ਵਲੋਂ ਚੋਣ ਮਨੋਰਥ ਪੱਤਰ ਦਾ ਵਿਸਥਾਰ ਅਰਥਹੀਣ : ਵੜੈਚ

1ਚੰਡੀਗਡ਼ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਵਧਾਏ ਜਾਣ ਨੂੰ ਅਡੰਬਰ ਦੱਸਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗਡ਼ ਦੀ ਤਰਜ ਉਤੇ ਪੈਟ੍ਰੋਲ ਅਤੇ ਐਲਪੀਜੀ ਦੀਆਂ ਕੀਮਤਾਂ ਘੱਟ ਕਰਨ ਅਤੇ ਬਿਜਲੀ ਦੀਆਂ ਦਰਾਂ 10 ਫੀਸਦੀ ਘਟਾਉਣ ਦਾ ਐਲਾਨ ਗੁਮਰਾਹ ਕਰਨ ਵਾਲਾ ਅਤੇ ਅਰਥਹੀਣ ਹੈ।  ਉਨਾਂ ਕਿਹਾ ਕਿ ਕਾਂਗਰਸ ਨੂੰ ਇਸ ਤਰਾਂ ਵੋਟਾਂ ਹਾਸਿਲ ਨਹੀਂ ਹੋਣ ਵਾਲੀਆਂ।
ਵਡ਼ੈਚ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੈਟ੍ਰੋਲ, ਐਲਪੀਜੀ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਪੂਰੇ ਦੇਸ਼ ਵਿੱਚ ਆਪਣੇ ਆਪ ਬਰਾਬਰ ਹੋ ਜਾਣਗੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਇਹ ਕਹਿ ਕੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਸੀ ਅਤੇ ਦੂਜੇ ਵਰਗਾਂ ਨੂੰ ਮਿਲਣ ਵਾਲੀ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਸੀ ਕਿ ਉਨਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਖਾਲੀ ਖਜਾਨਾ ਮਿਲਿਆ ਸੀ।
ਵਡ਼ੈਚ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਣ ਦੇ ਵੱਡੇ ਘੋਟਾਲੇ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਓਂ ਚੁੱਪੀ ਧਾਰੀ ਹੋਈ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੀਐਸਪੀਸੀਐਲ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀਆਂ ਦਰਾਂ ਉਤੇ ਲੋਕਾਂ ਦੇ ਪੈਸੇ ਨਾਲ ਬਿਜਲੀ ਖਰੀਦਣ ਲਈ ਅਯੋਗ ਸਮਝੌਤਿਆਂ ਉਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਉਨਾਂ ਕਿਹਾ ਕਿ ਪ੍ਰਾਈਵੇਟ ਪਲਾਂਟਾਂ ਨੂੰ ਫਾਇਦਾ ਦੇਣ ਲਈ ਬਾਦਲਾਂ ਨੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ।
ਆਪ ਆਗੂ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਬਣਾਉਣ ਵੇਲੇ ਕਾਂਗਰਸ ਵੱਲੋਂ ਸਾਬਕਾ ਫੌਜੀਆਂ, ਪੁਲਿਸ ਅਤੇ ਅਰਧਸੈਨਿਕ ਬਲਾਂ ਦੀ ਭਲਾਈ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਅੱਖ ਉਸ ਵੇਲੇ ਖੁੱਲੀ, ਜਦੋਂ ਸੈਨਿਕਾਂ ਵੱਲੋਂ 4 ਫਰਵਰੀ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਸਮਰਥਨ ਨਾ ਦੇਣ ਦਾ ਫੈਸਲਾ ਲਿਆ।
ਵਡ਼ੈਚ ਨੇ ਕਿਹਾ ਕਿ ਕਈ ਕਾਂਗਰਸੀ ਆਗੂਆਂ ਵੱਲੋਂ ਟ੍ਰਾਂਸਪੋਰਟ ਮਾਫੀਆ ਚਲਾਇਆ ਜਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿਰਾਏ ਘੱਟ ਕਰਨ ਦੀ ਉਮੀਦ ਮੂਰਖਤਾ ਹੋਵੇਗੀ। ਉਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ, ਅਕਾਲੀਆਂ ਅਤੇ ਭਾਜਪਾ ਵੱਲੋਂ ਮਿਲ ਕੇ ਟ੍ਰਾਂਸਪੋਰਟ ਮਾਫੀਆ ਚਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਵੱਲੋਂ ਪਿਛਲੇ 10 ਸਾਲਾਂ ਵਿੱਚ ਟ੍ਰਾਂਸਪੋਰਟ ਮਾਫੀਆ ਖਿਲਾਫ ਦਿੱਤਾ ਗਿਆ ਇੱਕ ਵੀ ਬਿਆਨ ਨਹੀਂ ਵਿਖਾ ਸਕਦੇ।
ਵਡ਼ੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਇੱਕ ਦੂਜੇ ਨਾਲ ਮਿਲੇ ਹੋਏ ਹਨ ਅਤੇ ਉਨਾਂ ਵੱਲੋਂ ਇੱਕ-ਦੂਜੇ ਦੇ ਵਪਾਰਿਕ ਹਿੱਤਾਂ ਨੂੰ ਲੋਕ ਕਲਿਆਣ ਤੋਂ ਉਤੇ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਵਾਰੋ-ਵਾਰੀ ਲੋਕਾਂ ਨੂੰ ਲੁੱਟਣ ਲਈ ਸਹਿਮਤੀ ਬਣਾਈ ਹੋਈ ਹੈ। ਵਡ਼ੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੱਥ ਮਿਲਾਇਆ ਹੋਇਆ ਹੈ।

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP2Social Auto Publish Powered By : XYZScripts.com