ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 12 ਜੁਲਾਈ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੰਘੇ ਚਾਰ ਦਿਨਾਂ ’ਚ ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿਚ 6 ਪੰਜਾਬੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜਾਬੀਆਂ ਵਿਚੋਂ ਇੱਕੋ ਪਰਿਵਾਰ ਦੇ ਚਾਰ ਜਣੇ ਸ਼ਾਮਲ ਹਨ ਜੋ ਘਟਨਾ ਵੇਲੇ ਕਾਰ ’ਚ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਓਕਨਾਗਨ ਖੇਤਰ ਦੇ ਸ਼ਹਿਰ ਕੈਰੇਮੌਸ ਨੇੜੇ ਹਾਈਵੇਅ ਨੰਬਰ ਤਿੰਨ ’ਤੇ ਹੋਇਆ ਜਿੱਥੇ ਟਰੱਕ ਨੇ ਸਾਹਮਣਿਉਂ ਆਉਂਦੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਡਰਾਈਵਰ ਅਤੇ ਪਿੱਛੇ ਵਾਲੀ ਕਾਰ ਦੀ ਡਰਾਈਵਰ ਔਰਤ ਜ਼ਖਮੀ ਹੋ ਗਏ ਪਰ ਮੂਹਰਲੀ ਕਾਰ ਵਿਚ ਬੈਠੇ ਪੰਜਾਬੀ ਪਰਿਵਾਰ ਦੇ ਚਾਰੇ ਜੀਅ ਮਾਰੇ ਗਏ। ਉਹ ਐਬਸਟਫੋਰਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਸੁਖਵੰਤ ਸਿੰਘ ਬਰਾੜ, ਉਸ ਦੀ ਪਤਨੀ ਰਾਜਿੰਦਰ ਕੌਰ, ਉਸ ਦੀ ਬੇਟੀ ਕਮਲ ਕੌਰ ਤੇ ਥੋੜ੍ਹੇ ਦਿਨ ਪਹਿਲਾਂ ਪੰਜਾਬ ਤੋਂ ਆਈ ਉਸ ਦੀ ਸਾਲੀ ਸ਼ਿੰਦਰ ਕੌਰ ਵਜੋਂ ਕੀਤੀ ਗਈ ਹੈ। ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਨਾਲ ਸਬੰਧਤ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਬੀਤੇ ਕੱਲ੍ਹ ਤੜਕਸਾਰ ਹਾਈਵੇਅ 99 ’ਤੇ ਵਾਪਰੇ ਹਾਦਸੇ ਵਿਚ ਕਾਰ ਸੜਕ ਦੀ ਬੰਨ੍ਹੀ ਨਾਲ ਟਕਰਾਉਣ ਤੋਂ ਬਾਅਦ ਉਸ ’ਚ ਬੈਠੀ 20 ਸਾਲਾ ਲੜਕੀ ਦੀ ਬਾਹਰ ਡਿੱਗਣ ਕਰਕੇ ਮੌਤ ਹੋ ਗਈ ਤੇ ਨਾਲ ਬੈਠੇ ਦੋ ਨੌਜੁਆਨ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਲੌਹੀਡ ਹਾਈਵੇਅ ’ਤੇ ਅਗਾਸਿਸ ਕਸਬੇ ਕੋਲ ਟਰਾਲੇ ਨਾਲ ਕਾਰ ਦੀ ਟੱਕਰ ਵਿਚ ਤਿੰਨ ਜਣੇ ਹਲਾਕ ਹੋ ਗਏ। ਟਰਾਂਸ ਕੈਨੇਡਾ ਹਾਈਵੇਅ ’ਤੇ ਕਾਮਲੂਪ ਤੋਂ ਪੂਰਬ 76 ਕਿਲੋਮੀਟਰ ’ਤੇ ਵਾਪਰੇ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਗਈ ਜੋ ਪੰਜਾਬੀ ਦੱਸੇ ਗਏ ਹਨ। ਇੰਜ ਕੁਝ ਹੋਰ ਥਾਵਾਂ ’ਤੇ ਵਾਪਰੇ ਹਾਦਸਿਆਂ ਵਿਚ ਸੱਤ ਹਲਾਕ ਹੋ ਗਏ।
The post ਕੈਨੇਡਾ ਸੜਕ ਹਾਦਸੇ: ਚਾਰ ਦਿਨਾਂ ’ਚ 6 ਪੰਜਾਬੀਆਂ ਸਣੇ 16 ਹਲਾਕ appeared first on Punjabi Tribune.
Source link