
ਨਵੀਂ ਦਿੱਲੀ— ‘ਆਪ’ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਫਿਰ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾਵਰ ਹੋਏ। ਮਿਸ਼ਰਾ ਨੇ ਦਾਅਵਾ ਕੀਤਾ ਕਿ ‘ਆਪ’ ਨੂੰ ਹਵਾਲਾ ਕੰਪਨੀਆਂ ਨੇ ਪੈਸਾ ਦਿੱਤਾ ਹੈ। ਮੁਕੇਸ਼ ਸ਼ਰਮਾ ਦਾ ਵੀਡੀਓ ਕੇਜਰੀਵਾਲ ਨੇ ਚਲਾਇਆ ਉਹ ਝੂਠਾ ਹੈ। ਕੇਜਰੀਵਾਲ ਨੇ ਮੁਕੇਸ਼ ਨੂੰ ਬਲੀ ਦਾ ਬਕਰਾ ਬਣਾਇਆ। ਮਿਸ਼ਰਾ ਨੇ ਕਿਹਾ ਕਿ ਮੈਂ ਇਕ ਹਫਤੇ ਪਹਿਲਾਂ ਕੇਜਰੀਵਾਲ ਤੋਂ ਕੁਝ ਸਵਾਲ ਪੁੱਛੇ ਸੀ ਅਤੇ ਅਜੇ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਕੇਜਰੀਵਾਲ ਇਸ ਸਵਾਲਾਂ ‘ਤੇ ਇਸ ਤਰ੍ਹਾਂ ਚੁੱਪ ਹਨ, ਜਿਵੇਂ ਕਿ ਉਨ੍ਹਾਂ ਦੇ ਮੂੰਹ ਦਹੀ ਜੰਮਿਆ ਹੋਵੇ। ਮਿਸ਼ਰਾ ਨੇ ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ ਗਲਤ ਵੀਡੀਓ ਨੂੰ ਚੱਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਇਕ ਆਈ.ਆਰ.ਐੱਸ. ਅਫ਼ਸਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਕੀ ਕੰਮ ਕਿਵੇਂ ਕਰਨਾ ਹੈ। ਮਿਸ਼ਰਾ ਨੇ ਕਿਹਾ ਕੇਜਰੀਵਾਲ ਦਾ ਸਿੱਧਾ ਹਵਾਲਾ ਨਾਲ ਕਨੈਕਸ਼ਨ ਹੈ। ਕੇਜਰੀਵਾਲ ਦਾ ਕਾਲਰ ਮੇਰੇ ਹੱਥ ‘ਚ ਹੈ ਅਤੇ ਉਸ ਨੂੰ ਮੈਂ ਹਰ ਹਾਲ ‘ਚ ਤਿਹਾੜ ਜੇਲ ਲੈ ਕੇ ਜਾਵਾਂਗਾ
ਵੀਰਵਾਰ ਨੂੰ ਖਬਰ ਆਈ ਸੀ ਕਿ ਮੁਕੇਸ਼ ਸ਼ਰਮਾ ਨਾਂ ਦਾ ਇਕ ਨੌਜਵਾਨ ਸਾਹਮਣੇ ਆਇਆ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਸ ਨੇ ਹੀ ਆਮ ਆਦਮੀ ਪਾਰਟੀ ਨੂੰ 2 ਕਰੋੜ ਰੁਪਏ ਦਿੱਤੇ। ਪਹਿਲੀ ਵਾਰ ਇਕ ਨੌਜਵਾਨ ਸਾਹਮਣੇ ਆਇਆ, ਜਿਸ ਦਾ ਕਹਿਣਾ ਹੈ ਕਿ ਇਹ ਚਾਰੋਂ ਕੰਪਨੀਆਂ ਜਿਨ੍ਹਾਂ ਦੇ ਨਾਂ ਨਾਲ ਆਮ ਆਦਮੀ ਪਾਰਟੀ ਨੂੰ ਚੰਦਾ ਅਪ੍ਰੈਲ 2014 ‘ਚ ਮਿਲਿਆ ਹੈ, ਉਹ ਕੰਪਨੀਆਂ ਫਰਜ਼ੀ ਨਹੀਂ ਹਨ, ਸਗੋਂ ਉਹ ਚਾਰੋਂ ਕੰਪਨੀਆਂ ਉਸ ਦੀਆਂ ਆਪਣੀਆਂ ਹਨ। ਉੱਤਰੀ ਪੂਰਬੀ ਦਿੱਲੀ ਦੇ ਗੰਗਾ ਵਿਹਾਰ ‘ਚ ਰਹਿਣ ਵਾਲੇ ਮੁਕੇਸ਼ ਸ਼ਰਮਾ ਦੇ ਇਸ ਦਾਅਵੇ ਤੋਂ ਬਾਅਦ ਮਿਸ਼ਰਾ ‘ਤੇ ਸਵਾਲ ਖੜ੍ਹੇ ਹੋ ਗਏ ਸਨ।
ਕੇਜਰੀਵਾਲ ਨੇ ਵੀ ਵੀਰਵਾਰ ਨੂੰ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਇਹ ਵੀਡੀਓ ਇਕ ਨਿੱਜੀ ਚੈਨਲ ਨਾਲ ਮੁਕੇਸ਼ ਸ਼ਰਮਾ ਨਾਂ ਦੇ ਵਿਅਕਤੀ ਦੀ ਗੱਲਬਾਤ ‘ਤੇ ਆਧਾਰਤ ਸਨ। ਇਸ ਵੀਡੀਓ ‘ਚ ਮੁਕੇਸ਼ ਸ਼ਰਮਾ ਨਾਂ ਦਾ ਵਿਅਕਤੀ ਇਹ ਦਾਅਵਾ ਕਰ ਰਿਹਾ ਹੈ ਕਿ ਉਸੇ ਨੇ ‘ਆਪ’ ਨੂੰ ਚੰਦਾ ਦਿੱਤਾ। ਜ਼ਿਕਰਯੋਗ ਹੈ ਕਿ ਮਿਸ਼ਰਾ ਨੇ ਕੇਜਰੀਵਾਲ ‘ਤੇ ਆਪਣੇ ਕਰੀਬੀਆਂ ਨਾਲ ਮਿਲ ਕੇ ਫਰਜ਼ੀ ਕੰਪਨੀਆਂ ਰਾਹੀਂ ਪਾਰਟੀ ਫੰਡ ਜੁਟਾਉਣ ਦਾ ਦਾਅਵਾ ਕੀਤਾ ਸੀ। ਨਾਲ ਹੀ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ‘ਆਪ’ ਨੇ ਹਵਾਲਾ ਰਾਹੀਂ ਪਾਰਟੀ ਫੰਡ ਦੇ ਨਾਂ ‘ਤੇ ਕਾਲੇ ਧਨ ਨੂੰ ਸਫੇਦ ਕਰਨ ਦਾ ਕੰਮ ਕੀਤਾ। ਮਿਸ਼ਰਾ ਨੇ ਸੀ.ਬੀ.ਆਈ. ਅਤੇ ਸੀ.ਬੀ.ਡੀ.ਟੀ. ਜਾ ਕੇ ਇਸ ਮਾਮਲੇ ‘ਚ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਸੀ।