Home / Punjabi News / ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ : ਮਹਿਲਾ ਕਿਸਾਨ ਯੂਨੀਅਨ

ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ : ਮਹਿਲਾ ਕਿਸਾਨ ਯੂਨੀਅਨ

ਭਾਜਪਾ ਸੰਸਦ ਤੇ ਵਿਧਾਨ ਸਭਾਵਾਂ ਚ ਔਰਤਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਲਈ ਲੰਬਿਤ ਕਾਨੂੰਨ ਪਾਸ ਕਰੇ : ਬੀਬੀ ਰਾਜਵਿੰਦਰ ਕੌਰ ਰਾਜੂ

ਮਹਿਲਾ ਕਿਸਾਨ ਯੂਨੀਅਨ ਦਾ ਪ੍ਰਵਾਨਿਤ ਝੰਡਾ, ਲੋਗੋ ਤੇ ਬੈਜ ਵੀ ਕੀਤਾ ਜਾਰੀ

 

ਜਲੰਧਰ 8 ਮਾਰਚ: ਅੱਜ 113ਵੇਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕਰੇ ਤਾਂ ਜੋ ਔਰਤਾਂ ਵੀ ਕਿਸਾਨਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣ।

ਇੱਥੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਮਹਿਲਾ ਕਿਸਾਨ ਯੂਨੀਅਨ ਦੇ ਰਸਮੀ ਆਗਾਜ਼ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਇਹ ਮੰਗ ਰੱਖੀ। ਉਨ੍ਹਾਂ ਨਾਲ ਯੂਨੀਅਨ ਦੀ ਚੇਅਰਪਰਸਨ ਮਨਵੀਰ ਕੌਰ ਰਾਹੀ, ਮੁੱਖ ਸਲਾਹਕਾਰ ਡਾ. ਸਵਰਨਜੀਤ ਕੌਰ ਗਰੇਵਾਲ, ਜਨਰਲ ਸਕੱਤਰ ਦਵਿੰਦਰ ਕੌਰ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਸੰਯੁਕਤ ਸਕੱਤਰ ਮਨਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ, ਵਿੱਤ ਸਕੱਤਰ ਹਰਨੀਤ ਕੌਰ ਤੇ ਪ੍ਰੈਸ ਸਕੱਤਰ ਪਰਮਵੀਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੇ ਮਹਿਲਾ ਕਿਸਾਨ ਯੂਨੀਅਨ ਦਾ ਪ੍ਰਵਾਨਿਤ ਝੰਡਾ, ਲੋਗੋ ਅਤੇ ਬੈਜ ਵੀ ਜਾਰੀ ਕੀਤਾ।

ਮਹਿਲਾ ਨੇਤਾ ਨੇ ਕਿਹਾ ਕਿ ਪਰਿਵਾਰ ਪਾਲਣ ਤੇ ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਔਰਤਾਂ ਦੀ ਭਾਗੀਦਾਰੀ ਆਦਿ ਕਾਲ ਤੋਂ ਜਾਣੀ ਜਾਂਦੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਦੀ ਖੇਤੀਬਾੜੀ ਵਿੱਚ ਲਗਭਗ 80 ਫੀਸਦ ਤੋਂ ਵੱਧ ਔਰਤਾਂ ਆਪਣੀ ਰੋਜੀ-ਰੋਟੀ ਲਈ ਖੇਤੀ ਤੇ ਨਿਰਭਰ ਹਨ। ਪੂਰੇ ਕਿਸਾਨ ਭਾਈਚਾਰੇ ਵਿੱਚ 30 ਫੀਸਦ ਤੋਂ ਵੱਧ ਔਰਤਾਂ ਖੁਦ ਖੇਤੀਬਾੜੀ ਕਰਦੀਆਂ ਹਨ ਅਤੇ 45 ਫੀਸਦ ਤੋਂ ਵੱਧ ਔਰਤਾਂ ਖੇਤ ਮਜਦੂਰਾਂ ਵਜੋਂ ਕੰਮ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਮਰਦ ਪ੍ਰਧਾਨ ਸਮਾਜ ਵਿੱਚ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਦੇਸ਼ ਵਿੱਚ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਨਹੀਂ ਦਿੱਤੀ ਗਈ ਜਿਸ ਕਰਕੇ ਕਿਸਾਨ ਮਹਿਲਾਵਾਂ ਸਰਕਾਰੀ ਸਹੂਲਤਾਂ ਅਤੇ ਰਾਹਤ ਪ੍ਰਾਪਤ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਹੋ ਹਾਲ ਸਰਕਾਰਾਂ ਵੱਲੋਂ ਖੇਤ ਮਜਦੂਰਾਂ ਮਹਿਲਾਵਾਂ ਨਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਜਪਾ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਮੁਤਾਬਕ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਲਈ ਲੰਬਿਤ ਪਿਆ ਕਾਨੂੰਨ ਪਾਸ ਕਰਵਾਇਆ ਜਾਵੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਔਰਤ ਕਿਸਾਨਾਂ ਅਤੇ ਖੇਤ ਮਜਦੂਰ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਦਿੱਤੇ ਜਾਣ ਅਤੇ ਹਰ ਤਰ੍ਹਾਂ ਦੇ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਮੁਫਤ ਪਰਿਵਾਰਕ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਮਹਿਲਾ ਯੂਨੀਅਨ ਕਾਸ਼ਤਕਾਰ ਔਰਤਾਂ, ਸੁਆਣੀਆਂ ਅਤੇ ਖੇਤ ਮਜਦੂਰ ਮਹਿਲਾਵਾਂ ਦੇ ਹਿੱਤਾਂ ਦੀ ਰਾਖੀ ਲਈ ਗਠਿਤ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਰਕਾਰ ਦੇ ਪੱਧਰ ਉੱਤੇ ਉਠਾ ਕੇ ਹੱਲ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਪੰਜਾਬ, ਮਾਂ-ਬੋਲੀ ਪੰਜਾਬੀ ਅਤੇ ਪੰਜਾਬੀਆਂ ਨਾਲ ਧੱਕਾ ਜਾਂ ਵਿਤਕਰਾ ਹੋਣ ਦੀ ਸੂਰਤ ਵਿੱਚ ਵੀ ਮਹਿਲਾ ਕਿਸਾਨ ਯੂਨੀਅਨ ਆਵਾਜ਼ ਉਠਾਉਂਦੀ ਰਹੇਗੀ। ਬੀਬੀ ਰਾਜੂ ਨੇ ਕਿਹਾ ਕਿ ਮਹਿਲਾ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਲਈ ਹਰ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਵੇਗੀ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਔਰਤਾਂ ਅਤੇ ਖੇਤ ਮਜਦੂਰ ਮਹਿਲਾਵਾਂ ਦੇ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਹਰ ਸਾਲ 15 ਅਕਤੂਬਰ ਨੂੰ ਰਾਸ਼ਟਰੀ ਮਹਿਲਾ ਕਿਸਾਨ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਨ ਲਈ ਐਤਕੀ ਰਾਸ਼ਟਰੀ ਮਹਿਲਾ ਕਿਸਾਨ ਦਿਵਸ ਮੌਕੇ ਮਹਿਲਾ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ ਇੱਕ ਵੱਡੀ ਮਹਿਲਾ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਕੌਮੀ ਪੱਧਰ ਦੇ ਕਿਸਾਨ ਨੇਤਾ ਸ਼ਾਮਲ ਹੋਣਗੇ।

ਮਹਿਲਾ ਕਿਸਾਨ ਨੇਤਾ ਨੇ ਪੰਜਾਬ ਦੀਆਂ ਸਮੂਹ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਦੇ ਸਦੀਵੀਂ ਹੱਲ ਲਈ ਮਹਿਲਾ ਕਿਸਾਨ ਯੂਨੀਅਨ ਦੀਆਂ ਮੈਂਬਰ ਬਣਨ ਤਾਂ ਜੋ ਔਰਤਾਂ ਦੀ ਆਵਾਜ਼ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਕੇ ਇਨਸਾਫ ਹਾਸਲ ਕੀਤਾ ਜਾ ਸਕੇ।

The post ਕਾਸ਼ਤਕਾਰ ਮਹਿਲਾਵਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਜਾਰੀ ਕਰੇ : ਮਹਿਲਾ ਕਿਸਾਨ ਯੂਨੀਅਨ first appeared on Punjabi News Online.


Source link

Check Also

ਕਿਸਾਨ ਨੂੰ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਰੋਕਿਆ; ਕਰਨਾਟਕ ਸਰਕਾਰ ਵੱਲੋਂ ਮਾਲ ਨੂੰ ਹਫਤਾ ਬੰਦ ਰੱਖਣ ਦੇ ਹੁਕਮ

ਬੰਗਲੁਰੂ, 18 ਜੁਲਾਈ ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ …