ਦੇਵਿੰਦਰ ਸਿੰਘ
ਯਮੁਨਾਨਗਰ, 28 ਜੁਲਾਈ
ਗੁਰੂ ਨਾਨਕ ਖਾਲਸਾ ਕਾਲਜ ਦੇ ਐੱਨਸੀਸੀ ਕੈਡਿਟਾਂ ਨੇ ਕਾਰਗਿਲ ਵਿਜੈ ਦਿਵਸ ਦੇ ਮੌਕੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਰਨਲ ਜਰਨੈਲ ਸਿੰਘ, ਕਮਾਂਡਿੰਗ ਅਫਸਰ 14 ਹਰਿਆਣਾ ਬਟਾਲੀਅਨ ਐਨਸੀਸੀ ਯਮੁਨਾਨਗਰ ਅਤੇ ਕਰਨਲ ਸੰਦੀਪ ਸ਼ਰਮਾ ਪ੍ਰਸ਼ਾਸਕੀ ਅਧਿਕਾਰੀ ਦੀ ਅਗਵਾਈ ਹੇਠ ਐਨਸੀਸੀ ਕੈਡੇਟਾਂ ਨੇ ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਕਈ ਸਾਰਥਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕੈਡੇਟਾਂ ਨੇ ਕਾਰਗਿਲ ਯੁੱਧ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੀ ਦਸਤਾਵੇਜ਼ੀ ਫਿਲਮ ਦਿਖਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦਸਤਾਵੇਜ਼ੀ ਫ਼ਿਲਮ ਤੋਂ ਇਲਾਵਾ ਐੱਨਸੀਸੀ ਕੈਡਿਟਾਂ ਨੇ ਯਮੁਨਾਨਗਰ ਸ਼ਹਿਰ ਵਿੱਚ ਇੱਕ ਰੈਲੀ ਕੀਤੀ ਜੋ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋਂ ਲੰਘੀ। ਇਸ ਦੌਰਾਨ ਕੈਡੇਟਾਂ ਨੇ ਦੇਸ਼ ਭਗਤੀ ਦੇ ਨਾਅਰੇ ਲਗਾਏ ਅਤੇ ਸ਼ਹਿਰ ਵਿੱਚ ਲੱਗੇ ਵੱਖ-ਵੱਖ ਸ਼ਹੀਦਾਂ ਦੇ ਬੁੱਤਾਂ ਦੀ ਸਾਫ਼-ਸਫ਼ਾਈ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਅਤੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਕਾਰਗਿਲ ਵਿਜੈ ਦਿਵਸ ਮਨਾਉਣ ਲਈ ਐੱਨਸੀਸੀ ਯੂਨਿਟ ਦੇ ਮਿਸਾਲੀ ਸਮਰਪਣ ਅਤੇ ਆਚਰਣ ਦੀ ਸ਼ਲਾਘਾ ਕੀਤੀ। ਕਾਲਜ ਦੇ ਪ੍ਰੌਫੈਸਰ ਡਾ. ਰਾਮੇਸ਼ਵਰ ਦਾਸ, ਐਨਸੀਸੀ ਅਫ਼ਸਰ ਡਾ. ਜੋਸ਼ਪ੍ਰੀਤ ਸਿੰਘ, ਰਵਿਤਾ ਸੈਣੀ, ਹੌਲਦਾਰ ਸਤਵਿੰਦਰ ਸਿੰਘ ਅਤੇ ਹੌਲਦਾਰ ਕਾਲੂ ਰਾਮ ਨੇ ਕੈਡੇਟਾਂ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਡੀਏਵੀ ਸੈਂਟੇਨਰੀ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਦੇਸ਼ ਭਗਤੀ ਸਬੰਧੀ ਕਵਿਤਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਚਾਰੇ ਸਦਨਾਂ ਦਇਆ ਨੰਦ ਸਦਨ, ਹੰਸ ਰਾਜ ਸਦਨ, ਵਿਰਜਾ ਨੰਦ ਸਦਨ ਤੇ ਅਨੰਦ ਸਵਾਮੀ ਸਦਨ ਦੇ ਵਿਦਿਆਰਥੀਆਂ ਨੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਵੀਰ ਜਵਾਨਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਤੇ ਆਪਣੀਆਂ ਕਵਿਤਾਵਾਂ ਰਾਹੀਂ ਉਨ੍ਹਾਂ ਨੂੰ ਨਮਨ ਕੀਤਾ। ਅਧਿਆਪਕਾ ਜੋਤੀ ਖੁਰਾਣਾ ਦੀ ਦੇਖ ਰੇਖ ਵਿੱਚ ਇਹ ਪ੍ਰੋਗਰਾਮ ਸਮਾਪਤ ਹੋਇਆ। ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਕਿਹਾ, ‘‘ਕਾਰਗਿਲ ਯੁੱਧ 1999 ਵਿੱਚ ਭਾਰਤ ਪਾਕਿਸਤਾਨ ਸੈਨਾਵਾਂ ਵਿਚਕਾਰ ਹੋਇਆ ਸੀ, ਇਸ ਯੁੱਧ ਵਿੱਚ ਸਾਡੇ ਬਹੁਤ ਸੈਨਿਕ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਨ ਲਈ 26 ਜੁਲਾਈ ਦਾ ਦਿਨ ਕਾਰਗਿਲ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।’’ ਮੁਕਾਬਲਿਆਂ ’ਚੋਂ ਹੰਸ ਰਾਜ ਸਦਨ ਤੋਂ ਏਕਮਪ੍ਰੀਤ ਨੇ ਪਹਿਲਾ, ਵਿਰਜਾ ਨੰਦ ਸਦਨ ਤੋਂ ਕਾਵਿਆ ਸ਼ਰਮਾ ਨੇ ਦੂਜਾ, ਦਇਆ ਨੰਦ ਸਦਨ ਤੋਂ ਮਹਿਕ ਚੌਹਾਨ ਨੇ ਤੀਜਾ, ਅਨੰਦ ਸਦਨ ਤੋਂ ਪ੍ਰਾਚੀ ਨੇ ਦੂਜਾ ਸਥਾਨ ਹਾਸਲ ਕੀਤਾ।
The post ਕਾਰਗਿਲ ਵਿਜੈ ਦਿਵਸ: ਐੱਨਸੀਸੀ ਕੈਡੇਟਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ appeared first on Punjabi Tribune.
Source link