ਬੰਗਲੁਰੂ, 19 ਅਕਤੂਬਰ
ਇੱਥੋਂ ਦੀ ਪੁਲੀਸ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਭਰਾ ਨੂੰ ਇਕ ਔਰਤ ਨਾਲ ਦੋ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜੇਡੀ (ਐਸ) ਦੇ ਸਾਬਕਾ ਵਿਧਾਇਕ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਬਸਵੇਸ਼ਵਰਨਗਰ ਪੁਲੀਸ ਨੇ ਕੇਂਦਰੀ ਮੰਤਰੀ ਦੇ ਭਰਾ ਗੋਪਾਲ ਜੋਸ਼ੀ ਅਤੇ ਵਿਜੈਲਕਸ਼ਮੀ ਜੋਸ਼ੀ ਨਾਂ ਦੀ ਔਰਤ ਖ਼ਿਲਾਫ਼ ਦੋ ਦਿਨ ਪਹਿਲਾਂ ਕੇਸ ਦਰਜ ਕੀਤਾ ਸੀ। ਐਫਆਈਆਰ ਵਿਚ ਗੋਪਾਲ ਦੇ ਬੇਟੇ ਅਜੈ ਜੋਸ਼ੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਸ਼ਿਕਾਇਤ ਨਾਗਥਾਨ ਦੇ ਸਾਬਕਾ ਵਿਧਾਇਕ ਦੇਵਵੰਦ ਫੂਲ ਸਿੰਘ ਚਵਾਨ ਦੀ ਪਤਨੀ ਸੁਨੀਤਾ ਚਵਾਨ ਨੇ ਦਰਜ ਕਰਵਾਈ ਹੈ, ਜੋ 2023 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਗੋਪਾਲ ਜੋਸ਼ੀ ਨੇ ਮਈ ਦੀ ਲੋਕ ਸਭਾ ਚੋਣ ਵਿਚ ਉਸ ਦੇ ਪਰਿਵਾਰ ਨੂੰ ਭਾਜਪਾ ਦੀ ਟਿਕਟ ਦਿਵਾਉਣ ਦੇ ਨਾਂ ’ਤੇ ਦੋ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਵਿਜੈਲਕਸ਼ਮੀ ਨਾਲ ਪ੍ਰਹਿਲਾਦ ਜੋਸ਼ੀ ਦੀ ਭੈਣ ਵਜੋਂ ਜਾਣ-ਪਛਾਣ ਕਰਵਾਈ ਸੀ। ਹਾਲਾਂਕਿ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਕੋਈ ਭੈਣ ਨਹੀਂ ਹੈ। ਪੀਟੀਆਈ
Source link