Home / Punjabi News / ਈਵੀ ਚਾਰਜਿੰਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ’ਚ ਸੈਂਟਰ ਆਫ਼ ਐਕਸੀਲੈਂਸ ਜਲਦ ਸਥਾਪਤ ਕੀਤਾ ਜਾਵੇਗਾ: ਅਰੋੜਾ

ਈਵੀ ਚਾਰਜਿੰਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ’ਚ ਸੈਂਟਰ ਆਫ਼ ਐਕਸੀਲੈਂਸ ਜਲਦ ਸਥਾਪਤ ਕੀਤਾ ਜਾਵੇਗਾ: ਅਰੋੜਾ

ਚੰਡੀਗੜ੍ਹ, 21 ਅਪਰੈਲ

ਸੂਬੇ ਨੂੰ ਵਿਕਸਤ ਤਕਨਾਲੋਜੀ ਵਿੱਚ ਇੱਕ ਕਦਮ ਹੋਰ ਅੱਗੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਇਲੈਕਟ੍ਰਿਕ ਵਾਹਨ (ਈਵੀ) ਚਾਰਜਿੰਗ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਇਸ ਸਬੰਧੀ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਟਰਾਂਸਪੋਰਟ, ਲੋਕ ਨਿਰਮਾਣ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਨਿਵੇਸ਼ ਪ੍ਰੋਤਸਾਹਨ, ਹੁਨਰ ਵਿਕਾਸ, ਸੈਰ-ਸਪਾਟਾ, ਪੀਐੱਸਪੀਸੀਐੱਲ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰਾਂ ਸਮੇਤ ਸਾਰੇ ਭਾਈਵਾਲ ਵਿਭਾਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ।

ਸ੍ਰੀ ਅਰੋੜਾ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਹੁਨਰ ਵਿਕਾਸ, ਸਿਖਲਾਈ, ਸਿੱਖਿਆ, ਸਟੈਂਡਰਡ ਟੈਸਟਿੰਗ ਅਤੇ ਬੈਟਰੀ ਟੈਕਨਾਲੋਜੀ ਨੂੰ ਹੋਰ ਮਜ਼ਬੂਤ ਕਰਨ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਵਾਸਤੇ ਆਈਆਈਟੀ ਰੋਪੜ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲੈਕਟ੍ਰਿਕ ਵਾਹਨ ਨੀਤੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਦੇ ਪ੍ਰਬੰਧਕੀ ਸਕੱਤਰਾਂ ਦਾ ਵਰਕਿੰਗ ਗਰੁੱਪ ਬਣਾਉਣ ਲਈ ਵੀ ਕਿਹਾ। ਸੂਬੇ ਵਿੱਚ ਈਵੀ ਨੀਤੀ ਨੂੰ ਲਾਗੂ ਕਰਨ ਲਈ ਸਾਰੇ ਭਾਈਵਾਲ ਵਿਭਾਗਾਂ ਦੇ ਇਕਜੁੱਟ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ 2025 ਤੱਕ 25 ਫ਼ੀਸਦ ਇਲੈਕਟ੍ਰਿਕ ਵਾਹਨਾਂ ਦਾ ਟੀਚਾ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਈ-ਮੋਬੀਲਿਟੀ ਵੱਲ ਤਬਦੀਲੀ ਲਈ ਈਵੀ ਚਾਰਜਿੰਗ ਦੇ ਬੁਨਿਆਦੀ ਢਾਂਚੇ ਦਾ ਪਹੁੰਚਯੋਗ ਅਤੇ ਮਜ਼ਬੂਤ ਨੈੱਟਵਰਕ ਸਥਾਪਤ ਕਰਨਾ ਸਮੇਂ ਦੀ ਲੋੜ ਹੈ। ਇਹ ਨਾ ਸਿਰਫ਼ ਸੂਬੇ ਨੂੰ ਨੈੱਟ-ਜ਼ੀਰੋ ਮਿਸ਼ਨ ਵੱਲ ਲੈ ਕੇ ਜਾਵੇਗਾ ਸਗੋਂ ਦੇਸ਼ ਦੇ ਆਵਾਜਾਈ ਖੇਤਰ ਵਿੱਚ ਨਵੀਨਤਾ ਲਿਆਉਣ ਵਿੱਚ ਵੀ ਸਹਾਈ ਹੋਵੇਗਾ। ਪ੍ਰਮੁੱਖ ਸਕੱਤਰ ਪਾਵਰ ਤੇਜਵੀਰ ਸਿੰਘ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੀਐੱਸਪੀਸੀਐੱਲ ਸੂਬੇ ਵਿੱਚ ਪ੍ਰਸਤਾਵਿਤ ਈਵੀ ਚਾਰਜਿੰਗ ਸਟੇਸ਼ਨਾਂ ਨੂੰ ਬਿਜਲੀ ਕੁਨੈਕਸ਼ਨ ਦੀ ਤੁਰੰਤ ਪ੍ਰਵਾਨਗੀ ਲਈ ਪੂਰਾ ਸਹਿਯੋਗ ਦੇਵੇਗਾ।

ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਭਗਤ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਸਰੋਤਾਂ ਨਾਲ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦੇ ਏਕੀਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਈਵੀ ਚਾਰਜਿੰਗ ਸਟੇਸ਼ਨਾਂ ਵਿੱਚ ਕੁਦਰਤੀ ਸਰੋਤਾਂ ਤੋਂ ਪੈਦਾ ਊਰਜਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਈਵੀ ਅਤੇ ਫਾਸਟ ਚਾਰਜਿੰਗ ਬੈਟਰੀਆਂ ਦੇ ਨਿਰਮਾਣ ਨਾਲ ਜੁੜੀਆਂ ਨਵੀਆਂ ਤਕਨੀਕਾਂ ਨੂੰ ਆਈਆਈਟੀ ਰੋਪੜ ਨਾਲ ਸਲਾਹ-ਮਸ਼ਵਰਾ ਕਰਕੇ ਅਪਣਾਇਆ ਜਾਵੇਗਾ।

ਪੀਐੱਮਆਈਡੀਸੀ ਦੇ ਸੀਈਓ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸੈਂਟਰ ਆਫ਼ ਐਕਸੀਲੈਂਸ ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਆਪਕ ਪ੍ਰਵਾਨਗੀ ਲਈ ਪਾਏਦਾਰ ਈ-ਚਾਰਜਿੰਗ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰੇਗਾ। ਪੇਡਾ ਦੇ ਡਾਇਰੈਕਟਰ ਐੱਮਪੀ ਸਿੰਘ ਨੇ ਸੂਬੇ ਵਿੱਚ ਈਵੀ ਚਾਰਜਿੰਗ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਅਤੇ ਇਸ ਸਬੰਧੀ ਰਣਨੀਤੀ ਬਣਾਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਚੇਅਰਮੈਨ ਪੇਡਾ ਐੱਚਐੱਸ ਹੰਸਪਾਲ, ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਡੀਪੀਐੱਸ ਖਰਬੰਦਾ, ਜੁਆਇੰਟ ਡਾਇਰੈਕਟਰ ਪੇਡਾ ਕੁਲਬੀਰ ਸਿੰਘ ਸੰਧੂ ਤੋਂ ਇਲਾਵਾ ਜੀਆਈਜ਼ੈੱਡ, ਟਰਾਂਸਪੋਰਟ, ਲੋਕ ਨਿਰਮਾਣ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।


Source link

Check Also

ਘਨੌਲੀ: ਪਿੰਡ ਬਿੱਕੋਂ ’ਚ ਐੱਸਡੀਐੱਮ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਪਰਾਲੀ ਨਾ ਸਾੜਨ ਲਈ ਮੰਗਿਆ ਸਹਿਯੋਗ

ਜਗਮੋਹਨ ਸਿੰਘ ਘਨੌਲੀ, 27 ਸਤੰਬਰ ਅੱਜ ਇਥੋਂ ਨੇੜਲੇ ਪਿੰਡ ਬਿੱਕੋਂ ਵਿਖੇ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ …