ਗੁਰਚਰਨ ਸਿੰਘ ਕਾਹਲੋਂ
ਸਿਡਨੀ, 12 ਜੁਲਾਈ
ਪੁਲੀਸ ਨੇ ਦੋ ਰੂਸੀ ਮੂਲ ਦੇ ਆਸਟਰੇਲਿਆਈ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ’ਤੇ ਮਾਸਕੋ ਵਿੱਚ ਅਧਿਕਾਰੀਆਂ ਨਾਲ ਆਸਟਰੇਲੀਆ ਦੀ ਰੱਖਿਆ ਸਮੱਗਰੀ ਨੂੰ ਸਾਂਝਾ ਕਰਨ ਦਾ ਦੋਸ਼ ਹੈ। ਪੁਲੀਸ ਅਨੁਸਾਰ 40 ਸਾਲਾ ਔਰਤ ਆਸਟਰੇਲੀਆ ਦੀ ਫੌਜ ਦੇ ਰੱਖਿਆ ਬਲ ਵਿਚਲੇ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਦੀ ਸੀ। ਉਸ ਦਾ 62 ਸਾਲਾ ਪਤੀ ਉਸ ਪਾਸੋਂ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ। ਇਸ ਸਾਜ਼ਿਸ਼ ਵਿੱਚ ਉਹ ਦੋਵੇਂ ਮਿਲ ਕੇ ਕੰਮ ਕਰ ਰਹੇ ਸਨ। ਆਸਟਰੇਲੀਅਨ ਫੈਡਰਲ ਪੁਲੀਸ ਅਨੁਸਾਰ ਔਰਤ ਨੇ ਆਪਣੇ ਪਤੀ ਨੂੰ ਕੰਪਿਊਟਰ ਸਿਸਟਮ ਰਾਹੀਂ ਰੱਖਿਆ ਖੇਤਰ ਵਿਚ ਲਾਗਇਨ ਕਰਨ ਬਾਰੇ ਦੱਸਿਆ। ਇਸ ਤੋਂ ਇਲਾਵਾ ਉਸ ਨੇ ਸਿਸਟਮ ਦੀ ਜਾਣਕਾਰੀ ਨੂੰ ਰੂਸ ਵਿੱਚ ਪਹੁੰਚਾਉਣ ਬਾਰੇ ਵੀ ਆਪਣੇ ਪਤੀ ਦਾ ਮਾਰਗ ਦਰਸ਼ਨ ਕੀਤਾ।
ਆਸਟਰੇਲਿਆਈ ਸੁਰੱਖਿਆ ਖੁਫੀਆ ਸੰਗਠਨ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਕਈ ਦੇਸ਼ ਆਸਟਰੇਲੀਆ ਦੀ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੰਘੀ ਪੁਲੀਸ ਕਮਿਸ਼ਨਰ ਰੀਸ ਕੇਰਸ਼ੋ ਨੇ ਕਿਹਾ ਕਿ ਇਹ ਔਰਤ ਰੱਖਿਆ ਫੋਰਸ ਤੋਂ ਲੰਬੇ ਸਮੇਂ ਦੀ ਛੁੱਟੀ ਲੈ ਕੇ ਬਿਨਾਂ ਦੱਸੇ ਰੂਸ ਗਈ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਜਾਂਚ ਲਈ ਹਿਰਾਸਤੀ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ’ਤੇ ਜੇ ਦੋਸ਼ ਸਿੱਧ ਹੋਏ ਤਾਂ ਪੰਦਰਾਂ ਸਾਲ ਜੇਲ੍ਹ ਵਿਚ ਸਜ਼ਾ ਕੱਟਣੀ ਪੈ ਸਕਦੀ ਹੈ।
The post ਆਸਟਰੇਲੀਆ: ਰੂਸੀ ਮੂਲ ਦੇ ਪਤੀ-ਪਤਨੀ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ appeared first on Punjabi Tribune.
Source link