ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਦੇ ਸਾਬਕਾ ਮੰਤਰੀ ਤੇ ‘ਆਪ’ ਦੇ ਸੀਮਾਪੁਰੀ ਹਲਕੇ ਤੋਂ ਵਿਧਾਇਕ ਰਾਜਿੰਦਰ ਪਾਲ ਗੌਤਮ ਅੱਜ ਇੱਥੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਹੈੱਡਕੁਆਰਟਰ ’ਤੇ ਇਸ ਸਬੰਧੀ ਸਮਾਗਮ ਦੌਰਾਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਅਤੇ ਪਾਰਟੀ ਦੇ ਮੀਡੀਆ ਪ੍ਰਚਾਰ ਮੁਖੀ ਪਵਨ ਖੇੜਾ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਗੌਤਮ ਨੇ ‘ਐਕਸ’ ਉੱਤੇ ‘ਆਪ’ ਛੱਡਣ ਦਾ ਐਲਾਨ ਕਰਦਿਆਂ ਕਿਹਾ, ‘‘ਮੈਂ ਸਮਾਜਿਕ ਨਿਆਂ ਵਾਸਤੇ ਸੰਘਰਸ਼ ਤੇਜ਼ ਕਰਨ ਅਤੇ ਬਹੁਜਨ ਸਮਾਜ ਦੀ ਸ਼ਮੂਲੀਅਤ ਵਧਾਉਣ ਲਈ ‘ਆਪ’ ਦੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹਾਂ।’’ ਗੌਤਮ ਨੇ ਪਹਿਲਾਂ ਅਕਤੂਬਰ 2022 ਵਿੱਚ ਹਿੰਦੂ ਦੇਵੀ-ਦੇਵਤਿਆਂ ਖ਼ਿਲਾਫ਼ ਕਥਿਤ ਟਿੱਪਣੀਆਂ ਸਬੰਧੀ ਵਿਵਾਦ ਮਗਰੋਂ ਦਿੱਲੀ ਦੇ ਸਮਾਜ ਕਲਿਆਣ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਜਲ, ਸੈਰ-ਸਪਾਟਾ, ਸੱਭਿਆਚਾਰ, ਕਲਾ ਅਤੇ ਭਾਸ਼ਾਵਾਂ ਤੇ ਗੁਰਦੁਆਰਾ ਚੋਣ ਮੰਤਰੀ ਵੀ ਰਹਿ ਚੁੱਕੇ ਹਨ।
The post ‘ਆਪ’ ਵਿਧਾਇਕ ਰਾਜਿੰਦਰ ਪਾਲ ਗੌਤਮ ਕਾਂਗਰਸ ’ਚ ਸ਼ਾਮਲ appeared first on Punjabi Tribune.
Source link